ਨਿਊਜ਼ ਡੈਸਕ : ਯੂਕਰੇਨ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੰਕਟਗ੍ਰਸਤ ਦੇਸ਼ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਜਨਤਕ ਤੌਰ 'ਤੇ ਇਕੱਠੇ ਹੋਣ। ਜ਼ੇਲੇਂਸਕੀ ਅੱਜ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਇਕ ਮਹੀਨਾ ਪੂਰਾ ਹੋਣ 'ਤੇ ਬ੍ਰਸੇਲਜ਼ 'ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਨੇਤਾਵਾਂ ਨੂੰ ਸੰਬੋਧਿਤ ਕਰਨਗੇ।
ਜ਼ੇਲੇਂਸਕੀ ਨੇ ਕੀਵ 'ਚ ਰਾਸ਼ਟਰਪਤੀ ਦਫ਼ਤਰ ਨੇੜੇ ਵੀਰਵਾਰ ਰਾਤ ਨੂੰ ਰਿਕਾਰਡ ਕੀਤੇ ਇਕ ਵੀਡੀਓ 'ਚ ਇਕ ਭਾਵਨਾਤਮਕ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਘਰੋਂ ਬਾਹਰ ਨਿਕਲੋ ਤੇ ਆਵਾਜ਼ ਬੁਲੰਦ ਕਰੋ। ਦਿਖਾਓ ਕਿ ਲੋਕ ਕਿੰਨੇ ਮਾਇਨੇ ਰੱਖਦੇ ਹਨ। ਆਜ਼ਾਦੀ ਮਾਇਨੇ ਰੱਖਦੀ ਹੈ। ਸ਼ਾਂਤੀ ਮਾਇਨੇ ਰੱਖਦੀ ਹੈ। ਯੂਕਰੇਨ ਮਾਇਨੇ ਰੱਖਦਾ ਹੈ। ਜ਼ੇਲੇਂਸਕੀ ਨੇ ਰੂਸ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਜਾਰੀ ਰੱਖਦਿਆਂ ਕਿਹਾ ਕਿ ਉਹ ਨਾਟੋ ਮੈਂਬਰਾਂ ਨਾਲ ਹੋਣ ਵਾਲੀ ਵੀਡੀਓ ਕਾਨਫਰੰਸ 'ਚ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਸਮੇਤ ਹੋਰ ਪ੍ਰਭਾਵੀ ਤੇ ਬਿਨਾਂ ਰੁਕਾਵਟ ਸਹਾਇਤਾ ਪ੍ਰਦਾਨ ਕਰਨ ਲਈ ਕਹਿਣਗੇ।
ਬਾਇਡੇਨ ਵੀਰਵਾਰ ਨੂੰ ਰੂਸ 'ਤੇ ਨਵੀਆਂ ਪਾਬੰਦੀਆਂ ਲਗਾਉਣ ਅਤੇ ਯੂਕਰੇਨ ਨੂੰ ਹੋਰ ਫ਼ੌਜੀ ਸਹਾਇਤਾ ਬਾਰੇ ਵਿਚਾਰ-ਵਟਾਂਦਰੇ ਲਈ ਨਾਟੋ ਦੇ ਮੈਂਬਰਾਂ, ਜੀ -7 ਸਮੂਹ ਦੇ ਨੇਤਾਵਾਂ ਤੇ ਯੂਰਪੀਅਨ ਕੌਂਸਲ ਨਾਲ ਲੜੀਵਾਰ ਮੀਟਿੰਗਾਂ ਕਰਨ ਵਾਲੇ ਹਨ। ਬਾਈਡੇਨ ਨਾਲ ਆਪਣੀ ਮੁਲਾਕਾਤ ਦੀ ਪੂਰਵ ਸੰਧਿਆ 'ਤੇ, ਯੂਰਪੀਅਨ ਯੂਨੀਅਨ ਨੇ ਯੂਕ੍ਰੇਨ ਨੂੰ ਹੋਰ 550 ਲੱਖ ਡਾਲਰ ਦੀ ਫ਼ੌਜੀ ਸਹਾਇਤਾ ਦਾ ਐਲਾਨ ਕੀਤਾ।