ਨਵੀਂ ਦਿੱਲੀ - ਭਾਰਤ ਦੇ ਸਭ ਤੋਂ ਸਫ਼ਲ ਬੱਲੇਬਾਜ਼ਾਂ ਵਿਚੋਂ ਇਕ ਯੁਵਰਾਜ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਤੇ ਆਈ ਸੀ ਸੀ ਦੁਆਰਾ ਸਵੀਕਾਰ ਕੀਤੀ ਗਈ ਵਿਦੇਸ਼ੀ ਟੀ-20 ਲੀਗ 'ਚ ਫ੍ਰੀਲਾਂਸ ਕਿ੍ਕਟ ਖਿਡਾਰੀ ਦੇ ਤੌਰ 'ਤੇ ਖੇਡ ਸਕਦੇ ਹਨ | ਪੰਜਾਬ ਦੇ ਖੱਬੇ ਹੱਥ ਦੇ ਇਹ ਬੱਲੇਬਾਜ਼ ਬੀ ਸੀ ਸੀ ਆਈ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਹੀ ਅੰਤਿਮ ਫ਼ੈਸਲਾ ਕਰਨਗੇ | ਮੰਨਿਆ ਜਾ ਰਿਹਾ ਹੈ ਕਿ ਯੁਵਰਾਜ ਸਿੰਘ ਨੇ ਮੰਨ ਲਿਆ ਹੈ ਕਿ ਹੁਣ ਉਨ੍ਹਾਂ ਦੇ ਭਾਰਤ ਵਲੋਂ ਖੇਡਣ ਦੀ ਸੰਭਾਵਨਾ ਨਹੀਂ ਹੈ | ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਬੀ ਸੀ ਸੀ ਆਈ ਦੇ ਸੂਤਰ ਨੇ ਐਤਵਾਰ ਨੂੰ ਦੱਸਿਆ ਕਿ ਯੁਵਰਾਜ ਸਿੰਘ ਅੰਤਰਰਾਸ਼ਟਰੀ ਤੇ ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਸੰਨਿਆਸ ਦੇ ਬਾਰੇ 'ਚ ਸੋਚ ਰਹੇ ਹਨ | ਉਨ੍ਹਾਂ ਦੇ ਬੀ ਸੀ ਸੀ ਆਈ ਨਾਲ ਗੱਲ ਕਰਨ ਤੇ ਜੀ ਟੀ 20 (ਕੈਨੇਡਾ), ਆਇਰਲੈਂਡ 'ਚ ਯੂਰੋ ਟੀ-20 ਸਲੈਮ ਤੇ ਹਾਲੈਂਡ 'ਚ ਖੇਡਣ 'ਤੇ ਵੱਧ ਸਪਸ਼ਟਤਾ ਮੰਗਣ ਦੀ ਉਮੀਦ ਹੈ ਕਿਉਂਕਿ ਉਨ੍ਹਾਂ ਕੋਲ ਪੇਸ਼ਕਸ਼ ਹੈ | ਯੁਵਰਾਜ ਇਸ ਸਾਲ ਆਈ ਪੀ ਐਲ 'ਚ ਮੁੰਬਈ ਇੰਡੀਅਨਜ਼ ਵਲੋਂ ਖੇਡੇ ਸਨ ਪਰ ਉਨ੍ਹਾਂ ਨੂੰ ਵੱਧ ਮੌਕਾ ਨਹੀਂ ਮਿਲਿਆ ਤੇ ਇਹੀ ਕਾਰਨ ਹੈ ਕਿ ਉਹ ਆਪਣੀ ਭਵਿੱਖ ਦੀਆਂ ਯੋਜਨਾਵਾਂ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ | ਇਸ ਵਿਚਾਲੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਜਹੀਰ ਖ਼ਾਨ ਤੇ ਵਰਿੰਦਰ ਸਹਿਵਾਗ ਦੁਬਈ 'ਚ ਟੀ-10 ਲੀਗ ਦਾ ਹਿੱਸਾ ਹੋ ਸਕਦੇ ਹਨ ਤਾਂ ਫਿਰ ਯੁਵਰਾਜ ਨੂੰ ਮਨਜ਼ੂਰੀ ਕਿਉਂ ਨਹੀਂ ਮਿਲ ਸਕਦੀ |
by mediateam