ਸਮਾਣਾ (ਹਰਮੀਤ) : ਸ਼ੁੱਕਰਵਾਰ ਸਵੇਰੇ ਤਹਿਸੀਲ ਰੋਡ ’ਤੇ ਇੱਕ ਮੋਬਾਇਲ ਦੁਕਾਨ ’ਤੇ ਬੋਰਡ ਦਾ ਨਾਪ ਲੈਣ ਸਮੇਂ ਮਿਸਤਰੀ ਦੀ ਹਾਈਵੋਲਟਜ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਸਿਵਲ ਹਸਪਤਾਲ ਵਿੱਚ ਮ੍ਰਿਤਕ ਜਸਵਿੰਦਰ ਸਿੰਘ ਦਾ ਪੋਸਟਮਾਰਟਮ ਕਰਵਾਉਣ ਆਏ ਮ੍ਰਿਤਕ ਦੇ ਪਿਤਾ ਸਤਿਗੁਰੂ ਸਿੰਘ ਵਾਸੀ ਪਿੰਡ ਖੱਤਰੀ ਵਾਲਾ ਨੇ ਦੱਸਿਆ ਕਿ ਉਸ ਦਾ ਪੁੱਤਰ ਭਵਾਨੀਗੜ੍ਹ ਰੋਡ ’ਤੇ ਸਥਿਤ ਇੱਕ ਦੁਕਾਨ ’ਤੇ ਪਿਛਲੇ ਚਾਰ ਸਾਲਾਂ ਤੋਂ ਕੰਮ ਕਰ ਰਿਹਾ ਸੀ ਤੇ ਸ਼ੁਕਰਵਾਰ ਸਵੇਰੇ ਤਹਿਸੀਲ ਰੋਡ ’ਤੇ ਸਥਿਤ ਬੱਤਰਾ ਮੋਬਾਇਲ ਦੀ ਦੁਕਾਨ ’ਤੇ ਬੋਰਡ ਦਾ ਨਾਪ ਲੈਣ ਗਿਆ ਸੀ। ਇਸ ਦੌਰਾਨ ਉੱਪਰੋਂ ਲੰਘ ਰਹੀਆਂ ਹਾਈਵੋਲਟੇਜ ਦੀਆਂ ਤਾਰਾਂ ਨਾਲ ਉਸ ਦਾ ਇੰਚੀਟੇਪ ਛੂਹ ਗਿਆ ਤੇ ਉਸ ਨੂੰ ਜ਼ੋਰ ਦਾ ਕਰੰਟ ਲੱਗਿਆ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦਾ ਵਿਆਹ ਕਰੀਬ ਪੰਜ ਮਹੀਨੇ ਪਹਿਲਾਂ ਹੋਇਆ ਸੀ। ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ।
by nripost