ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਐਲਾਨ ਕੀਤਾ ਹੈ ਕਿ ਇਰਾਕ ਵਿਚ ਫਸੇ 7 ਪੰਜਾਬੀ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਵਾਪਸੀ ਟਿਕਟਾਂ ਸਮੇਤ ਸਾਰਾ ਖਰਚਾ ਯੂਥ ਅਕਾਲੀ ਦਲ ਕਰੇਗਾ। ਇਰਾਕ ਵਿਚ ਫਸੇ ਨੌਜਵਾਨਾਂ ਦੇ ਪਰਿਵਾਰਕ ਜੀਆਂ ਦੇ ਨਾਲ ਇੱਥੇ ਪ੍ਰੈੱਸ ਕਾਨਫਰੰਸ ਵਿਚ ਬੋਲਦਿਆਂ ਵਿਧਾਇਕ ਮਜੀਠੀਆ ਨੇ ਕਿਹਾ ਕਿ ਕਿ ਯੂਥ ਅਕਾਲੀ ਦਲ ਦਾ ਵਫ਼ਦ ਇਸ ਸਬੰਧ ਵਿਚ ਵਿਦੇਸ਼ ਮੰਤਰੀ ਨੂੰ ਛੇਤੀ ਮਿਲਾਂਗੇ।ਮਜੀਠੀਆ ਦੇ ਨਾਲ ਇਸ ਮੌਕੇ ਫਿਲੌਰ ਦੇ ਵਿਧਾਇਕ ਬਲਦੇਵ ਖਹਿਰਾ ਵੀ ਮੌਜੂਦ ਸਨ।
ਉਨ੍ਹਾਂ ਨੇ ਸਾਰੇ ਟਰੈਵਲ ਏਜੰਟਾਂ ਤੇ ਦਲਾਲਾਂ ਵਿਰੁੱਧ ਨੇ ਉਹਨਾਂ ਸਾਰੇ ਟਰੈਵਲ ਏਜੰਟਾਂ ਅਤੇ ਦਲਾਲਾਂ ਖ਼ਿਲਾਫ ਵੱਡੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਹਿਲੀ ਸ਼ਿਕਾਇਤ ਉੱਤੇ ਪੁਲਿਸ ਨੇ ਕੇਸ ਦਰਜ ਕਰਨ ਤੋਂ ਪੈਰ ਪਿਛਾਂਹ ਖਿੱਚ ਲਏ ਹਨ ਤੇ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਦਿੱਤੀ ਦੂਜੀ ਸ਼ਿਕਾਇਤ ਉੱਤੇ ਵੀ ਕੇਸ ਦਰਜ ਨਹੀਂ ਕੀਤਾ ਗਿਆ ਹੈ।ਯੂਥ ਅਕਾਲੀ ਦਲ ਦੇ ਇੰਚਾਰਜ ਨੇ ਐਲਾਨ ਕੀਤਾ ਕਿ ਅਕਾਲੀ ਦਲ ਪੂਰੀ ਦੁਨੀਆ ਵਿਚ ਮੁਸੀਬਤ ਵਿਚ ਫਸੇ ਪਰਵਾਸੀਆਂ ਦੀ ਮਦਦ ਲਈ ਹੈਲਪਲਾਈਨ ਕਾਇਮ ਕਰੇਗਾ।
ਉਨ੍ਹਾਂ ਮੰਗ ਕੀਤੀ ਕਿ ਟਰੈਵਲ ਏਜੰਟਾਂ ਵੱਲੋਂ ਠੱਗੇ ਪਰਵਾਸੀਆਂ ਦੀ ਮਦਦ ਲਈ ਸਰਕਾਰ ਆਨਲਾਈਨ ਸ਼ਿਕਾਇਤ ਰਜਿਸਟਰੇਸ਼ਨ ਸਿਸਟਮ ਲੈ ਕੇ ਆਵੇ।ਇਸੇ ਦੌਰਾਨ ਪੀੜਤ ਪਰਿਵਾਰਾਂ ਵੱਲੋਂ ਬੋਲਦਿਆਂ ਸਤਨਾਮ ਲਾਲ ਨੇ ਯੂਥ ਅਕਾਲੀ ਦਲ ਦਾ ਮਦਦ ਕਰਨ ਲਈ ਧੰਨਵਾਦ ਕੀਤਾ। ਸਤਨਾਮ ਲਾਲ ਦਾ ਪੁੱਤਰ ਅਮਨਦੀਪ ਬਾਕੀ ਨੌਜਵਾਨਾਂ ਰਣਦੀਪ, ਸੌਰਵ, ਸੰਦੀਪ, ਕੋਮਲਜੋਤ, ਬਲਜੀਤ ਸਿੰਘ ਤੇ ਪ੍ਰਭਜੋਤ ਸਿੰਘ ਨਾਲ ਇਰਾਕ ਦੇ ਇਰਬਿਲ ਇਲਾਕੇ ਵਿਚ ਫਸਿਆ ਹੋਇਆ ਹੈ। ਸਤਨਾਮ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਵੱਲੋਂ ਕੋਈ ਵੀ ਆਗੂ ਜਾਂ ਮੰਤਰੀ, ਇੱਥੋਂ ਤਕ ਕਿ ਜ਼ਿਲ੍ਹਾ ਜਾਂ ਬਲਾਕ ਪੱਧਰ ਦਾ ਅਫਸਰ ਵੀ ਦੁੱਖ ਸੁਣਨ ਲਈ ਨਹੀਂ ਪੁੱਜਾ।