ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਟਿੱਬਾ ਦੇ ਇਲਾਕੇ ’ਚ ਘਰ ਦੇ ਬਾਹਰ ਸੜਕ ’ਤੇ ਕੇਕ ਕੱਟ ਰਹੇ ਨੌਜਵਾਨਾਂ ਨੂੰ ਜਦ ਇਲਾਕੇ ਦੇ ਲੋਕਾਂ ਨੇ ਮਨ੍ਹਾ ਕੀਤਾ ਤਾਂ ਨੌਜਵਾਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਮੁਲਜ਼ਮਾਂ ਨੇ ਲੋਕਾਂ ’ਤੇ ਸਿੱਧੀਆਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਅਤੇ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਅਤੇ ਮੋਟਰਸਾਈਕਲ ਤੋੜ ਦਿੱਤੇ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਦੋ ਦਰਜਨ ਤੋਂ ਜ਼ਿਆਦਾ ਫਾਇਰ ਕੀਤੇ ਹਨ ਅਤੇ ਧਮਕਾਉਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਇਸ ਵਾਰਦਾਤ ਦੌਰਾਨ ਪਰਮਿੰਦਰ ਸਿੰਘ ਗਿੱਲ ਦੀ ਬਾਂਹ ਨੂੰ ਛੂਹ ਕੇ ਗੋਲੀ ਨਿਕਲ ਗਈ। ਉਸ ਨੂੰ ਤੁਰੰਤ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ, ਜਦਕਿ ਜਸਵੀਰ ਸਿੰਘ ਗਰੇਵਾਲ ਮਾਮੂਲੀ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਵਿਜੇ ਨਗਰ ਦੇ ਰਹਿਣ ਵਾਲੇ ਜਸਵੀਰ ਸਿੰਘ ਨੇ ਦੱਸਿਆ ਕਿ ਪ੍ਰਾਪਰਟੀ ਡੀਲਰ ਹੈ। ਉਸ ਦੇ ਘਰ ਸਾਹਮਣੇ ਹੀ ਮਾਤਾ ਕਰਮ ਕੌਰ ਕਾਲੋਨੀ ਅਤੇ ਪੁਨੀਤ ਨਗਰ ਹੈ। ਉਸ ਇਲਾਕੇ ਦੇ ਲਗਭਗ ਦੋ ਦਰਜਨ ਨੌਜਵਾਨ ਸੜਕ ’ਤੇ ਉਨ੍ਹਾਂ ਦੇ ਘਰ ਸਾਹਮਣੇ ਕੇਕ ਕੱਟ ਕੇ ਰੌਲਾ ਪਾ ਰਹੇ ਸਨ। ਜਸਵੀਰ ਦਾ ਕਹਿਣਾ ਹੈ ਕਿ ਉਹ ਨੇੜੇ ਦੇ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਮਨ੍ਹਾ ਕੀਤਾ ਤਾਂ ਨੌਜਵਾਨਾਂ ਨੇ ਸਮਝਣ ਦੀ ਬਜਾਏ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜਦ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਪਿਸਤੌਲ ਕੱਢ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।