ਬਠਿੰਡਾ : 17ਵੀਆਂ ਲੋਕਸਭਾ ਚੋਣਾਂ ਦੇ ਆਖ਼ਰੀ ਪੜਾਅ ਦੌਰਾਨ ਨੌਜਵਾਨਾਂ ਦੁਆਰਾ ਵੀ ਵੋਟ ਪਾਉਣ ਵਿੱਚ ਕਾਫ਼ੀ ਦਿਲਚਸਪੀ ਦਿਖਾਈ ਗਈ। ਹਾਲਾਂਕਿ ਇਸ ਦੌਰਾਨ ਆਪਣੀ ਵੋਟ ਦਾ ਇਸਤੇਮਾਲ ਇਨ੍ਹਾਂ ਨੌਜਵਾਨਾਂ ਨੇ ਉਤਸ਼ਾਹ ਵੱਜੋਂ ਕੀਤਾ, ਪਰ ਇਨ੍ਹਾਂ ਨੌਜਵਾਨਾਂ ਨੇ ਫੈਲ ਰਹੀ ਬੇਰੁਜ਼ਗਾਰੀ, ਸਿਆਸਤ 'ਚ ਆ ਰਹੇ ਨਿਘਾਰ ਤੇ ਲੀਡਰਾਂ ਵੱਲੋਂ ਵਾਅਦੇ ਪੂਰੇ ਨਾ ਕੀਤੇ ਜਾਣ 'ਤੇ ਚਿੰਤਾ ਜਤਾਈ। ਇਨ੍ਹਾਂ ਵੋਟ ਪਾਉਣ ਆਉਣ ਵਾਲੇ ਨੌਜਵਾਨਾਂ ਨੂੰ ਸਨਮਾਨ ਪੱਤਰ ਦੇ ਕੇ ਅਧਿਕਾਰੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।ਪਹਿਲੀ ਵਾਰ ਵੋਟ ਪਾਉਣ ਆਉਣ ਵਾਲੀ ਦਿਵਿਆ ਸਿੰਗਲਾ ਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਇਸ ਲੋਕਤੰਤਰ ਦੇ ਅਧਿਕਾਰ ਦਾ ਇਸਤੇਮਾਲ ਕਰਦਿਆਂ ਕਾਫ਼ੀ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਹਰ ਕਿਸੇ ਨੂੰ ਇਹ ਵੋਟ ਦਾ ਇਸਤੇਮਾਲ ਕਰਕੇ ਦੇਸ਼ ਲਈ ਚੰਗੇ ਸਿਆਸਤਦਾਨਾਂ ਨੂੰ ਜਿਤਾ ਕੇ ਅੱਗੇ ਲਿਆਉਣਾ ਚਾਹੀਦਾ ਹੈ ਤਾਂ ਦੇਸ਼ ਦੇ ਲੋਕਾਂ ਨੂੰ ਖੁਸ਼ਹਾਲ ਕੀਤਾ ਜਾ ਸਕੇ।ਸਿਪਾਹੀ ਸ਼ਹੀਦ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸ ਰਾਮ ਨਗਰ ਵਿੱਚ ਵੋਟ ਪਾਉਣ ਆਈ ਸਿਮਰਨ ਕੌਰ ਦਾ ਆਖਣਾ ਸੀ ਕਿ ਦੇਸ਼ 'ਚ ਬੇਰੁਜ਼ਗਾਰੀ ਵੱਧ ਰਹੀ ਹੈ।
ਹਰ ਵਿਦਿਆਰਥੀ ਪੜ੍ਹਦਾ ਹੈ, ਪਰ ਬਾਰ੍ਹਵੀਂ ਦੇ ਬਾਅਦ ਬਾਹਰ ਜਾਣ ਦੀ ਤਿਆਰੀ ਖਿੱਚ ਲਈ ਹੈ। ਦੇਸ਼ ਵਿੱਚ ਰਾਜਨੀਤਿਕਾਂ ਨੂੰ ਇਹ ਗੱਲ ਵੀ ਸਮਝਣੀ ਚਾਹੀਦੀ ਹੈ ਕਿ ਜੇਕਰ ਹਰ ਵਿਅਕਤੀ ਆਪਣੀ ਵੋਟ ਦਾ ਇਸਤੇਮਾਲ ਕਰਕੇ ਉਨ੍ਹਾਂ ਨੂੰ ਆਪਣਾ ਨੁਮਾਇੰਦਾ ਚੁਣਦਾ ਹੈ ਤਾਂ ਉਹ ਵੀ ਆਪਣੀ ਸਮਝਦਾਰੀ ਨਾਲ ਲੋਕਾਂ ਬਾਰੇ ਸੋਚਣ। ਉਸ ਨੇ ਆਪਣੀ ਪਹਿਲੀ ਵਾਰ ਵੋਟ ਦਾ ਇਸਤੇਮਾਲ ਕੀਤਾ।ਪ੍ਰਤਾਪ ਨਗਰ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਬਣੇ ਮਤਦਾਨ ਕੇਂਦਰ 'ਤੇ ਵੋਟ ਪਾਉਣ ਆਈ ਪੂਨਮ ਦਾ ਆਖਣਾ ਸੀ ਕਿ ਇਹ ਵੋਟ ਪਹਿਲੀ ਵਾਰ ਪਾਈ ਹੈ। ਹਰ ਕਿਸੇ ਨੂੰ ਵੋਟ ਪਾਉਣ ਦਾ ਦੇਸ਼ 'ਚ ਅਧਿਕਾਰ ਮਿਲਿਆ ਹੈ ਅਤੇ ਦੇਸ਼ ਦੀ ਤਰੱਕੀ ਲਈ ਇਹ ਅਧਿਕਾਰ ਦੀ ਵਰਤੋ ਵੀ ਬੇਹੱਦ ਜ਼ਰੂਰੀ ਹੈ। ਹਰ ਵਾਰ ਉਹ ਇਸ ਅਧਿਕਾਰ ਦੀ ਵਰਤੋ ਕਰੇਗੀ।ਪਰਸ ਰਾਮ ਨਗਰ ਦੇ ਮੋਹਿਤ ਸ਼ਰਮਾ ਨੇ ਵੀ ਆਪਣੀ ਪਹਿਲੀ ਵੋਟ ਦਾ ਇਸਤੇਮਾਲ ਕਰਕੇ ਖੁਸ਼ੀ ਜ਼ਾਹਿਰ ਕੀਤੀ। ਉਸ ਦਾ ਆਖਣਾ ਸੀ ਕਿ ਵੱਧ ਰਹੀਆਂ ਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਚੁਣੇ ਹੋਏ ਨੁਮਾਇੰਦੇ ਧਿਆਨ ਦੇਣ। ਵੱਧ ਰਹੀਆਂ ਖੁਦਕੁਸ਼ੀਆਂ, ਬੇਰੁਜ਼ਗਾਰੀ ਅਤੇ ਹੋਰ ਮਸਲੇ ਹੱਲ ਕੀਤੇ ਜਾਣ।