by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਲੁਧਿਆਣਾ ਵਿਖੇ ਥਾਣਾ ਮਿਹਰਬਾਨ ਦੀ ਪੁਲਿਸ ਨੇ ਬੀਤੀ ਰਾਤ ਇਕ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦਾ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਜਸਪਾਲ ਕਾਲੋਨੀ ਦੇ ਰਹਿਣ ਵਾਲੇ ਪੀੜਤ ਲੜਕੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿਉਂਕਿ ਉਸ ਦੀ 15 ਸਾਲ ਦੀ ਲੜਕੀ ਸਕੂਲ ’ਚ ਪੜ੍ਹਦੀ ਹੈ। ਲੜਕੀ ਨੇ ਦੱਸਿਆ ਕਿ ਉਹ ਆਪਣੇ ਸਕੂਲ ’ਚ ਪੜ੍ਹਨ ਜਾ ਰਹੀ ਸੀ।
ਉਸੇ ਸਮੇਂ ਉਨ੍ਹਾਂ ਦੇ ਗੁਆਂਢ ’ਚ ਰਹਿਣ ਵਾਲਾ ਨੌਜਵਾਨ ਸੁਰਜੀਤ ਸਿੰਘ ਪੁੱਤਰ ਰਾਮ ਪ੍ਰਵੇਸ਼ ਵਾਸੀ ਸੁਖਮਣੀ ਐਨਕਲੇਵ ਆਪਣੀ ਸਕੂਟਰੀ ’ਤੇ ਆ ਗਿਆ, ਜਿਸ ਨੇ ਉਸ ਨੂੰ ਜ਼ਬਰਦਸਤੀ ਸਕੂਟਰੀ ’ਤੇ ਬਿਠਾ ਲਿਆ ਅਤੇ ਸਤਲੁਜ ਦਰਿਆ ਵੱਲ ਲੈ ਗਿਆ, ਜਿੱਥੇ ਉਸ ਨੇ ਲੜਕੀ ਨੂੰ ਧਮਕਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਸੁਰਜੀਤ ਸਿੰਘ ਖ਼ਿਲਾਫ਼ ਜਬਰ- ਜ਼ਨਾਹ ਕਰਨ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।