350 ਰੁਪਏ ਪਿੱਛੇ ਨੌਜਵਾਨ ਦਾ ਕੀਤਾ ਬੇਰਹਿਮੀ ਨਾਲ ਕਤਲ, ਘਟਨਾ CCTV ‘ਚ ਕੈਦ

by jaskamal

ਪੱਤਰ ਪ੍ਰੇਰਕ : ਦਿੱਲੀ ਤੋਂ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਮੁਲਜ਼ਮ ਇਕ ਨੌਜਵਾਨ 'ਤੇ ਲਗਾਤਾਰ ਚਾਕੂ ਨਾਲ ਹਮਲਾ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੁਲਜ਼ਮ ਨੌਜਵਾਨ ਦੀ ਦੇਹ ਅੱਗੇ ਨੱਚ ਰਿਹਾ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਨਾਬਾਲਗ ਦੱਸਿਆ ਜਾ ਰਿਹਾ ਅਤੇ ਕਿਹਾ ਜਾ ਰਿਹਾ ਕਿ ਉਸ ਨੇ ਇਹ ਵਾਰਦਾਤ ਨੂੰ ਸਿਰਫ਼ 350 ਰੁਪਏ ਲਈ ਅੰਜਾਮ ਦਿੱਤਾ।

ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਇਹ ਘਟਨਾ ਵੈਲਕਮ ਇਲਾਕੇ ਦੀ ਜਨਤਾ ਮਜ਼ਦੂਰ ਕਾਲੋਨੀ ਦੀ ਦੱਸੀ ਜਾ ਰਹੀ ਹੈ। ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਕਤਲ ਦੇ ਪਿੱਛੇ ਦਾ ਮਕਸਦ ਲੁੱਟ-ਖੋਹ ਦਾ ਸੀ। ਪੁਲਿਸ ਮੁਤਾਬਕ ਕਾਤਲ ਨੇ ਪਹਿਲਾਂ ਪੀੜਤ ਦਾ ਗਲਾ ਘੋਟਿਆ ਅਤੇ ਬਾਅਦ 'ਚ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਇਸ ਹਮਲੇ ਦੀ ਘਟਨਾ ਮੌਕੇ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਉੱਤਰ ਪੂਰਬੀ ਪੁਲਿਸ ਦੇ ਡੀ.ਸੀ.ਪੀ. ਜੋਏ ਟਿਰਕੀ ਨੇ ਕਿਹਾ ਕਿ ਸਾਨੂੰ ਮੰਗਲਵਾਰ ਰਾਤ ਕਰੀਬ 11.15 ਵਜੇ ਪੀ.ਸੀ.ਆਰ. ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਦੱਸਿਆ ਸੀ ਕਿ ਮ੍ਰਿਤਕ ਦੀ ਉਮਰ 18 ਸਾਲ ਦੇ ਕਰੀਬ ਹੈ ਅਤੇ ਉਸ ਦਾ ਕਤਲ ਨਾਬਾਲਗ ਨੇ ਕੀਤਾ ਹੈ। ਇਸ ਤੋਂ ਬਾਅਦ ਸਾਡੀ ਟੀਮ ਮੌਕੇ 'ਤੇ ਪਹੁੰਚੀ ਅਤੇ ਵਿਅਕਤੀ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨਾਬਾਲਗ ਨੂੰ ਹਿਰਾਸਤ 'ਚ ਲੈ ਲਿਆ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਸਿਰਫ 350 ਰੁਪਏ 'ਚ ਕਤਲ ਕੀਤਾ ਹੈ। ਫਿਲਹਾਲ ਪੀੜਤ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਅਤੇ ਇੱਕ ਫੋਰੈਂਸਿਕ ਟੀਮ ਵੀ ਜਾਂਚ ਵਿੱਚ ਸਹਾਇਤਾ ਲਈ ਮੌਕੇ 'ਤੇ ਭੇਜੀ ਗਈ ਹੈ।