ਨਿਊਜ਼ ਡੈਸਕ : ਮੰਗੇਤਰ ਨੂੰ ਮਿਲਣ ਗਏ ਨੌਜਵਾਨ ਦੀ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕਰਨ ’ਤੇ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਧਰਮਪੁਰਾ ਨੇ ਦੱਸਿਆ ਕਿ ਉਸ ਦੇ ਪੁੱਤਰ ਬੱਬੂ ਦੀ ਪਰਨੀਤ ਕੌਰ ਨਾਲ ਪੜ੍ਹਾਈ ਦੌਰਾਨ ਜਾਣ-ਪਛਾਣ ਹੋ ਗਈ। ਦੋਹਾਂ ਪਰਿਵਾਰਾਂ ਵੱਲੋਂ ਦੋਸਤੀ ਨੂੰ ਵਿਆਹ ’ਚ ਬਦਲਣ ਲਈ 3 ਮਾਰਚ 2022 ਨੂੰ ਮੰਗਣੀ ਕਰਦਿਆਂ ਸ਼ਗਨ ਪਾ ਦਿੱਤਾ ਗਿਆ।
ਇਸ ਦੌਰਾਨ 9 ਮਈ 2022 ਨੂੰ ਪਰਨੀਤ ਕੌਰ ਨੇ ਆਪਣੇ ਪੇਕੇ ਘਰ ਪਿੰਡ ਕੁਲਾਣਾ ਵਿਖੇ ਆਪਣੇ ਹੋਣ ਵਾਲੇ ਪਤੀ ਬੱਬੂ ਸਿੰਘ ਨੂੰ ਬੁਲਾਇਆ ਤਾਂ ਪਰ ਉਥੇ ਸਹੁਰੇ ਪਰਿਵਾਰ ਵੱਲੋਂ ਬੱਬੂ ਦੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ। ਸਿਟੀ ਪੁਲਸ ਬੁਢਲਾਡਾ ਨੇ ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਦੇ ਬਿਆਨਾਂ ’ਤੇ ਲੜਕੀ ਦੇ ਪਿਤਾ ਕੁਲਦੀਪ ਸਿੰਘ, ਲੜਕੀ ਦੀ ਮਾਤਾ ਰਾਜ ਕੌਰ, ਲੜਕੀ ਦੇ ਚਾਚੇ ਬੀਰ ਸਿੰਘ ਤੇ ਕਾਕਾ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੁਢਲਾਡਾ ਵਿਖੇ ਭੇਜ ਦਿੱਤੀ ਗਈ ਹੈ। ਐੱਸਐੱਚਓ ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਉਪਰੋਕਤ ਮਾਮਲੇ ਦੀ ਜਾਂਚ ਜਾਰੀ ਹੈ।