ਮੋਹਾਲੀ - ਸਾਲ 2019 ਪੰਜਾਬੀ ਸਿਨੇਮਾ ਲਈ ਮਾਣਮੱਤੀਆਂ ਪ੍ਰਾਪਤੀਆਂ ਵਾਲਾ ਸਾਲ ਰਿਹਾ ਕਿਉਂਕਿ ਇਸ ਸਾਲ ਕੁੱਲ 61 ਫਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ 'ਚੋਂ ਬਹੁਤ ਸਾਰੀਆਂ ਸੁਪਰਹਿੱਟ, ਕੁੱਝ ਹਿੱਟ, ਕੁੱਝ ਔਸਤਨ ਅਤੇ ਕੁੱਝ ਕੁ ਫਲਾਪ ਵੀ ਰਹੀਆਂ। ਇਹ ਗੱਲ ਅੱਜ ਇਥੇ ਪੰਜਾਬੀ ਸਿਨੇਮਾ ਦੀ ਇਕਲੌਤੀ ਅਤੇ ਸਿਰਮੌਰ ਸੰਸਥਾ ਨਿਜਫਟਾ (ਨਾਰਥ ਜ਼ੋਨ ਫਿਲਮ ਅਤੇ ਟੀ. ਵੀ. ਆਰਟਿਸਟ ਐਸੋਸੀਏਸ਼ਨ) ਦੇ ਪ੍ਰਧਾਨ ਗੁਰਪ੍ਰੀਤ ਸਿੰਘ ਘੁੱਗੀ ਨੇ ਆਖੀ। ਉਨ੍ਹਾਂ ਕਿਹਾ ਕਿ ਪੰਜਾਬੀ ਸਿਨੇਮਾਂ ਦੀਆਂ ਕੁੱਝ ਜ਼ਿਕਰਯੋਗ ਪ੍ਰਾਪਤੀਆਂ ਹਨ, ਜਿਨ੍ਹਾਂ ਵਿਚ ਫਿਲਮ 'ਲੌਂਗ ਲਾਚੀ' ਦਾ ਟਾਈਟਲ ਗੀਤ 100 ਕਰੋੜ ਤੋਂ ਵੱਧ ਲੋਕਾਂ ਨੇ ਸੁਣਿਆ। ਉਨ੍ਹਾਂ ਕਿਹਾ ਕਿ ਇਹ ਗੀਤ ਦੇਸ਼ ਦਾ ਸਭ ਤੋਂ ਵਧ ਸੁਣਿਆ ਜਾਣ ਵਾਲਾ ਗੀਤ ਬਣ ਗਿਆ।
ਉਨ੍ਹਾਂ ਦੱਸਿਆ ਕਿ ਪੰਜਾਬੀ ਫਿਲਮ 'ਹਰਜੀਤਾ' ਨੂੰ ਰਾਸ਼ਟਰੀ ਪੁਰਸਕਾਰ ਨਾਲ ਨਵਾਜਿਆ ਗਿਆ ਅਤੇ ਇਸ ਫਿਲਮ ਵਿਚ ਕੰਮ ਕਰਨ ਵਾਲੇ ਬਾਲ ਕਲਾਕਾਰ ਨੂੰ ਵੀ ਪੰਜਾਬੀ ਸਿਨੇਮਾ ਲਈ ਪਹਿਲੀ ਵਾਰ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਲ 19 ਜੁਲਾਈ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਅਰਦਾਸ ਕਰਾਂ' ਪਹਿਲੀ ਵਾਰ 20 ਦਸੰਬਰ ਨੂੰ ਦੋਬਾਰਾ ਪੰਜਾਬੀ ਸਿਨੇਮਿਆਂ ਵਿਚ ਲੱਗੀ, ਜੋ ਕਿ ਇਕ ਰਿਕਾਰਡ ਬਣ ਗਿਆ ਹੈ।
ਸੰਸਥਾ ਦੇ ਜਨਰਲ ਸਕੱਤਰ ਮਲਕੀਤ ਸਿੰਘ ਰੌਣੀ ਨੇ ਕਿਹਾ ਕਿ ਵੱਖ-ਵੱਖ ਸਰਕਾਰ ਵਲੋਂ ਇਸ ਖਿੱਤੇ ਵਿਚ ਫਿਲਮ ਸਿਟੀ ਬਣਾਉਣ ਦੇ ਵਾਅਦੇ ਬੇਸ਼ੱਕ ਖੋਖਲੇ ਸਾਬਤ ਹੋਏ ਹਨ ਪਰ ਕੁੱਝ ਸੂਝਵਾਨ ਵਿਅਕਤੀਆਂ ਨੇ ਨਿੱਜੀ ਤੌਰ ਤੇ ਵੱਡੇ ਪੱਧਰ ਤੇ ਫਿਲਮ ਸਿਟੀ ਬਣਾਉਣ ਦੀ ਪਹਿਲੀ ਕੀਤੀ ਹੈ। ਇਸ ਮੌਕੇ ਸ਼ਵਿੰਦਰ ਮਾਹਲ, ਭਾਰਤ ਭੂਸ਼ਣ ਵਰਮਾ, ਦਲਜੀਤ ਅਰੋੜਾ ਅਤੇ ਪਰਮਵੀਰ ਸਿੰਘ ਵੀ ਹਾਜ਼ਰ ਸਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।