ਜਲੰਧਰ: ਪੀਏਪੀ ਸਥਿਤ ਮਹਿਲ ਸਿੰਘ ਭੁੱਲਰ ਇਨਡੋਰ ਸਟੇਡੀਅਮ 'ਚ ਅੱਜ ਸ਼ੁਰੂ ਹੋਈ 51ਵੀਂ ਸੀਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਕਪੂਰਥਲਾ ਦੀ ਗੁਰਸ਼ਰਨਪ੍ਰੀਤ ਕੌਰ ਨੇ 76 ਕਿੱਲੋ ਭਾਰ ਵਰਗ 'ਚ ਵਿਰੋਧੀ ਪਹਿਲਵਾਨ ਨੂੰ ਹਰਾ ਕੇ ਗੋਲਡ ਮੈਡਲ 'ਤੇ ਕਬਜ਼ਾ ਜਮਾਇਆ। ਇਸ ਤੋਂ ਪਹਿਲਾਂ ਚੈਂਪੀਅਨਸ਼ਿਪ ਦਾ ਉਦਘਾਟਨ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੰਦਿਆਂ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ। ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਪਦਮਸ਼੍ਰੀ ਕਰਤਾਰ ਸਿੰਘ ਨੇ ਦੱਸਿਆ ਕਿ ਦੋ ਦਿਨ ਚੱਲਣ ਵਾਲੀ 51ਵੀਂ ਸੀਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਵਿਚ ਕਰੀਬ 250 ਮੁੰਡੇ ਤੇ ਕੁੜੀਆਂ ਹਿੱਸਾ ਲੈ ਰਹੇ ਹਨ।
ਪਹਿਲੇ ਦਿਨ ਵੱਖ-ਵੱਖ ਭਾਰ ਵਰਗਾਂ ਦੇ ਗਰੀਕੋ-ਰੋਮਨ ਸਟਾਈਲ ਤੇ ਮਹਿਲਾ ਵਰਗ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਗਰੀਕੋ ਰੋਮਨ 'ਚ ਫਰੀਦਕੋਟ ਤੇ ਅੰਮਿ੍ਤਸਰ ਅਤੇ ਕੁੜੀਆਂ 'ਚ ਤਰਨਤਾਰਨ ਤੇ ਕਪੂਰਥਲਾ ਦੇ ਪਹਿਲਵਾਨਾਂ ਨੇ ਵਧੀਆ ਸ਼ੁਰੂਆਤ ਕੀਤੀ। ਇਨ੍ਹਾਂ ਪਹਿਲਵਾਨਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਆਪੋ-ਆਪਣੇ ਜ਼ਿਲਿ੍ਆਂ ਦਾ ਨਾਂ ਚਮਕਾਇਆ। ਕੁਸ਼ਤੀ ਚੈਂਪੀਅਨਸ਼ਿਪ ਦੀ ਟੈਕਨੀਕਲ ਕਮੇਟੀ ਦੇ ਚੇਅਰਮੈਨ ਰਣਧੀਰ ਸਿੰਘ ਨੇ ਦੱਸਿਆ ਕਿ ਮੁੰਡਿਆਂ ਦੇ ਵਰਗ 'ਚ ਪਹਿਲੇ ਦਿਨ 55 ਕਿੱਲੋ ਤੇ 60 ਕਿੱਲੋ ਭਾਰ ਵਰਗ ਦੇ ਵੱਖ-ਵੱਖ ਰਾਊਂਡਾਂ 'ਚ ਮੁਕਾਬਲੇ ਹੋਏ, ਜਿਨ੍ਹਾਂ ਵਿਚੋਂ ਫਾਈਨਲ ਮੁਕਾਬਲੇ ਦੌਰਾਨ 55 ਕਿੱਲੋ ਵਰਗ 'ਚ ਫਰੀਦਕੋਟ ਦੇ ਮਨੋਹਰ ਸਿੰਘ ਨੇ ਪਹਿਲਾ, ਮਾਨਸਾ ਦੇ ਹਰਦੀਪ ਸਿੰਘ ਨੇ ਦੂਜਾ ਤੇ ਅੰਮਿ੍ਤਸਰ ਦੇ ਅਮਿਤ ਨੇ ਤੀਜਾ ਸਥਾਨ ਹਾਸਲ ਕੀਤਾ। ਮੁੰਡਿਆਂ ਦੇ 60 ਕਿੱਲੋ ਭਾਰ ਵਰਗ 'ਚ ਅੰਮਿ੍ਤਸਰ ਦੇ ਅਕਾਸ਼ ਨੇ ਪਹਿਲਾ, ਫਰੀਦਕੋਟ ਦੇ ਸ਼ਮਸ਼ੇਰ ਸਿੰਘ ਨੇ ਦੂਜਾ ਜਦੋਂਕਿ ਐੱਸਬੀਐੱਸ ਨਗਰ ਦੇ ਰਾਜਬੀਰ ਸਿੰਘ ਤੇ ਐੱਸਏਐੱਸ ਨਗਰ ਦੇ ਤਾਹਿਰ ਨੇ ਤੀਜਾ ਸਥਾਨ ਹਾਸਲ ਕੀਤਾ।
ਕੁੜੀਆਂ ਦੇ 76 ਕਿੱਲੋ ਭਾਰ ਦੇ ਮੁਕਾਬਲਿਆਂ ਦੌਰਾਨ ਪਹਿਲਵਾਨ ਕੁੜੀਆਂ ਨੇ ਜਿੱਤਣ ਲਈ ਪੂਰਾ ਜ਼ੋਰ ਲਾਇਆ ਅਤੇ ਥੋੜ੍ਹੇ-ਥੋੜ੍ਹੇ ਅੰਕਾਂ ਦੇ ਫ਼ਰਕ ਨਾਲ ਜਿੱਤਾਂ ਹਾਸਲ ਕੀਤੀਆਂ। ਇਸ ਵਰਗ 'ਚ ਕਪੂਰਥਲਾ ਦੀ ਗੁਰਸ਼ਰਨਪ੍ਰਰੀਤ ਕੌਰ ਨੇ ਪਹਿਲਾ, ਮੋਗਾ ਦੀ ਨਵਜੋਤ ਕੌਰ ਨੇ ਦੂਜਾ ਅਤੇ ਸੰਗਰੂਰ ਦੀ ਰਾਧਿਕਾ ਨੇ ਤੀਜਾ ਸਥਾਨ ਹਾਸਲ ਕੀਤਾ। ਕੁਸ਼ਤੀ ਚੈਂਪੀਅਨਸ਼ਿਪ ਦੇ ਉਦਘਾਟਨ ਮੌਕੇ ਹੋਰਨਾਂ ਤੋਂ ਇਲਾਵਾ ਡੀਆਈਜੀ ਸੁਰਿੰਦਰ ਕੁਮਾਰ ਕਾਲੀਆ, ਡਿਪਟੀ ਡਾਇਰੈਕਟਰ ਜ਼ੋਰਾਵਰ ਸਿੰਘ ਚੌਹਾਨ, ਕਸਟਮ ਸੁਪਰਡੈਂਟ ਟੀਐੱਨ ਹਨਜੋਤਰਾ, ਅਰਵਿੰਦਰ ਕੋਛੜ, ਐੱਸਪੀ ਲੁਧਿਆਣਾ ਪਹਿਲਵਾਨ ਜਗਜੀਤ ਸਿੰਘ, ਡੀਐੱਸਪੀ ਮਲਕੀਤ ਸਿੰਘ ਅਤੇ ਹੋਰ ਹਾਜ਼ਰ ਸਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।