world cup: ਭਾਰਤ-ਆਸਟ੍ਰੇਲੀਆ ਫਾਈਨਲ ਮੈਚ ਦੇਖਣ ਅਹਿਮਦਾਬਾਦ ਜਾਣਗੇ PM Modi, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਵੀ ਸੱਦਾ
ਪੱਤਰ ਪ੍ਰੇਰਕ : ਵਿਸ਼ਵ ਕੱਪ 2023 ਦਾ ਫਾਈਨਲ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਸ ਸ਼ਾਨਦਾਰ ਮੈਚ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚਣ ਵਾਲੇ ਹਨ। ਪੀਐਮ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ। ਇੰਨਾ ਹੀ ਨਹੀਂ ਇਸ ਫਾਈਨਲ ਮੈਚ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਡਿਪਟੀ ਪੀਐੱਮ ਰਿਚਰਡ ਮਾਰਲਸ ਨੂੰ ਵੀ ਸੱਦਾ ਦਿੱਤਾ ਗਿਆ ਹੈ। ਹਾਲਾਂਕਿ, ਦੋਵਾਂ ਤੋਂ ਪੁਸ਼ਟੀ ਦੀ ਅਜੇ ਉਡੀਕ ਹੈ।
ਅਹਿਮਦਾਬਾਦ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਨਵੰਬਰ ਨੂੰ ਦੁਪਹਿਰ ਤੋਂ ਬਾਅਦ ਅਹਿਮਦਾਬਾਦ ਪਹੁੰਚਣਗੇ। ਮੈਚ ਦੇਖਣ ਤੋਂ ਬਾਅਦ ਪ੍ਰਧਾਨ ਮੰਤਰੀ ਗਾਂਧੀਨਗਰ ਰਾਜ ਭਵਨ ਵਿੱਚ ਰਾਤ ਲਈ ਆਰਾਮ ਕਰਨਗੇ। ਇੱਥੋਂ ਅਗਲੇ ਹੀ ਦਿਨ 20 ਨਵੰਬਰ ਦੀ ਸਵੇਰ ਨੂੰ ਪ੍ਰਧਾਨ ਮੰਤਰੀ ਰਾਜਸਥਾਨ ਦੇ ਚੋਣ ਦੌਰੇ ਲਈ ਰਵਾਨਾ ਹੋਣਗੇ। ਅਹਿਮਦਾਬਾਦ 'ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਇਸ ਮੈਚ ਨੂੰ ਯਾਦਗਾਰ ਬਣਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੀਐਮ ਮੋਦੀ ਇਸ ਸਾਲ ਮਾਰਚ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਟੈਸਟ ਨੂੰ ਦੇਖਣ ਲਈ ਸਟੇਡੀਅਮ ਪਹੁੰਚੇ ਸਨ। ਪੀਐਮ ਮੋਦੀ ਤੋਂ ਇਲਾਵਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵੀ ਇਸ ਮੈਚ ਨੂੰ ਦੇਖਣ ਪਹੁੰਚੇ।