ਨਵੀਂ ਦਿੱਲੀ: ਟੀਮ ਇੰਡੀਆ ਜਦ ਬੁੱਧਵਾਰ ਨੂੰ ਵਿਸ਼ਾਖਾਪਟਨਮ ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦਾ ਆਗ਼ਾਜ਼ ਕਰੇਗੀ ਤਾਂ ਟੀਮ ਮੈਨੇਜਮੈਂਟ ਲਈ ਸਭ ਤੋਂ ਵੱਡੀ ਸਿਰਦਰਦੀ ਸਹੀ ਟੀਮ ਦੀ ਚੋਣ ਦੀ ਹੋਵੇਗੀ। ਟੈਸਟ ਰੈਂਕਿੰਗ ਵਿਚ ਦੁਨੀਆ ਦੀ ਨੰਬਰ ਇਕ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਕੋਚ ਰਵੀ ਸ਼ਾਸਤਰੀ ਦੇ ਦਿਮਾਗ਼ ਵਿਚ ਕਈ ਚੀਜ਼ਾਂ ਘੁੰਮ ਰਹੀਆਂ ਹੋਣਗੀਆਂ। ਖ਼ਾਸ ਕਰ ਕੇ ਵਿਸ਼ਵ ਪੱਧਰੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਗ਼ੈਰਮੌਜੂਦਗੀ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸੂਚੀ ਵਿਚ ਚੋਟੀ ਦਾ ਸਥਾਨ ਕਾਇਮ ਰੱਖਣ ਲਈ ਕੋਹਲੀ ਤੇ ਸ਼ਾਸਤਰੀ ਨੂੰ ਜਿੱਤ ਲਈ ਪੂਰਾ ਜ਼ੋਰ ਲਾਉਣਾ ਪਵੇਗਾ।
ਪੰਤ ਜਾਂ ਸਾਹਾ ਕੌਣ ਬਣੇਗਾ ਪਹਿਲੀ ਪਸੰਦ:
ਕਪਤਾਨ ਤੇ ਕੋਚ ਲਈ ਸਭ ਤੋਂ ਵੱਡੀ ਸਿਰਦਰਦੀ ਨੌਜਵਾਨ ਰਿਸ਼ਭ ਪੰਤ ਜਾਂ ਤਜਰਬੇਕਾਰ ਰਿੱਧੀਮਾਨ ਸਾਹਾ ਵਿਚੋਂ ਕਿਸੇ ਇਕ ਨੂੰ ਪਹਿਲੀ ਪਸੰਦ ਵਜੋਂ ਚੁਣਨਾ ਹੈ। ਦੁਨੀਆ ਜਾਣਦੀ ਹੈ ਕਿ ਪੰਤ ਸਭ ਤੋਂ ਹਮਲਾਵਰ ਬੱਲੇਬਾਜ਼ਾਂ ਵਿਚੋਂ ਇਕ ਹਨ ਪਰ ਉਨ੍ਹਾਂ ਦੀ ਵਿਕਟਕੀਪਿੰਗ ਵਿਚ ਅਜੇ ਵੀ ਸੁਧਾਰ ਦੀ ਗੁੰਜਾਇਸ਼ ਹੈ। ਉਥੇ ਦੂਜੇ ਪਾਸੇ ਸਾਹਾ ਦੁਨੀਆ ਦੇ ਸਰਬੋਤਮ ਵਿਕਟਕੀਪਰਾਂ ਵਿਚੋਂ ਇਕ ਹਨ ਪਰ ਉਨ੍ਹਾਂ ਦੀ ਬੱਲੇਬਾਜ਼ੀ ਤੇਜ਼ ਗੇਂਦਬਾਜ਼ਾਂ ਖ਼ਿਲਾਫ਼ ਮੁਸ਼ਕਲ ਵਿਚ ਹੋ ਸਕਦੀ ਹੈ। ਹਾਲਾਂਕਿ ਭਾਰਤ ਵਿਚ ਰਫ਼ਤਾਰ ਤੇ ਉਛਾਲ ਜ਼ਿਆਦਾ ਨਹੀਂ ਹੋਵੇਗਾ ਇਸ ਕਾਰਨ ਇਹ ਫੈਕਟਰ ਸਾਹਾ ਦੇ ਨਾਲ ਜਾਂਦਾ ਹੈ। ਦੋਵਾਂ ਵਿਚੋਂ ਕੌਣ ਆਖ਼ਰੀ-11 ਵਿਚ ਥਾਂ ਬਣਾਏਗਾ ਇਹ ਪੂਰੀ ਤਰ੍ਹਾਂ ਕਪਤਾਨ ਕੋਹਲੀ ਤੇ ਸ਼ਾਸਤਰੀ 'ਤੇ ਹੀ ਨਿਰਭਰ ਕਰਦਾ ਹੈ। ਸ਼ਾਸਤਰੀ ਨੇ ਪਿਛਲੇ ਦਿਨੀਂ ਪੰਤ ਦੀ ਸ਼ਲਾਘਾ ਕੀਤੀ ਸੀ ਪਰ ਇਸ ਨਾਲ ਇਹ ਪਤਾ ਨਹੀਂ ਲਗਦਾ ਕਿ ਟੀਮ ਮੈਨੇਜਮੈਂਟ ਦਿੱਲੀ ਦੇ ਇਸ ਵਿਕਟਕੀਪਰ ਨੂੰ ਸਿਰਫ਼ ਚਿੱਟੀ ਗੇਂਦ ਦੀ ਕ੍ਰਿਕਟ ਵਿਚ ਅੱਗੇ ਵਧਾਉਣਾ ਚਾਹੁੰਦਾ ਹੈ ਜਾਂ ਫਿਰ ਟੈਸਟ ਕ੍ਰਿਕਟ ਵਿਚ ਵੀ ਉਨ੍ਹਾਂ ਦਾ ਭਵਿੱਖ ਦੇਖ ਰਿਹਾ ਹੈ।
ਅਸ਼ਵਿਨ ਦੀ ਸਿਰਦਰਦੀ:
ਮੁੱਢਲੇ ਤੌਰ 'ਤੇ ਆਫ ਸਪਿੰਨਰ ਦੀ ਹੈਸੀਅਤ ਨਾਲ ਖੇਡਣ ਵਾਲੇ ਰਵੀਚੰਦਰਨ ਅਸ਼ਵਿਨ ਆਪਣੀ ਗੇਂਦਬਾਜ਼ੀ ਵਿਚ ਲਗਾਤਾਰ ਨਵੀਆਂ ਨਵੀਆਂ ਚੀਜ਼ਾਂ ਕਰਦੇ ਰਹੇ ਹਨ। ਇੰਨਾ ਹੀ ਨਹੀਂ ਬੱਲੇਬਾਜ਼ੀ ਵਿਚ ਵੀ ਉਹ ਪੂਰੇ ਯਕੀਨ ਨਾਲ ਬੱਲਾ ਫੜਦੇ ਹਨ। ਉਨ੍ਹਾਂ ਦੇ ਨਾਂ ਚਾਰ ਟੈਸਟ ਸੈਂਕੜੇ ਹਨ ਤੇ ਵਿਕਟਾਂ ਕੱਢਣ ਵਿਚ ਵੀ ਉਹ ਮਾਹਰ ਹਨ। ਇਸ ਦੇ ਬਾਵਜੂਦ ਅਸ਼ਵਿਨ ਨੂੰ ਵਿੰਡੀਜ਼ ਦੌਰੇ 'ਤੇ ਟੈਸਟ ਟੀਮ ਵਿਚ ਆਖ਼ਰੀ-11 ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ। ਭਾਰਤ ਵਿਚ ਪਿੱਚਾਂ ਸਪਿੰਨਰਾਂ ਨੂੰ ਮਦਦ ਕਰਦੀਆਂ ਹਨ ਤੇ ਇਸ ਕਾਰਨ ਇੱਥੇ ਭਾਰਤ ਦੋ ਸਪਿੰਨਰਾਂ ਦੇ ਨਾਲ ਮੈਦਾਨ ਵਿਚ ਉਤਰੇਗਾ ਤਾਂ ਹੁਣ ਦੇਖਣਾ ਪਵੇਗਾ ਕਿ ਟੀਮ ਮੈਨੇਜਮੈਂਟ ਅਸ਼ਵਿਨ 'ਤੇ ਯਕੀਨ ਕਰਦਾ ਹੈ ਜਾਂ ਫਿਰ ਗੁੱਟ ਦੇ ਸਪਿੰਨਰ ਕੁਲਦੀਪ ਯਾਦਵ ਨੂੰ ਮੌਕਾ ਦਿੰਦਾ ਹੈ। ਕੁੱਲ ਮਿਲਾ ਕੇ ਇਸ ਸੀਰੀਜ਼ ਵਿਚ ਆਖ਼ਰੀ-11 ਵਿਚ ਥਾਂ ਬਣਾਉਣ ਲਈ ਰਵਿੰਦਰ ਜਡੇਜਾ, ਕੁਲਦੀਪ ਤੇ ਅਸ਼ਵਿਨ ਵਿਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।
ਉਮੇਸ਼ ਕੋਲ ਮੌਕਾ:
ਬੁਮਰਾਹ ਵਰਗੇ ਵਿਸ਼ਵ ਪੱਧਰੀ ਗੇਂਦਬਾਜ਼ ਦੇ ਟੀਮ ਵਿਚ ਨਾ ਹੋਣ ਨਾਲ ਟੀਮ ਇੰਡੀਆ ਦੀਆਂ ਮੁਸ਼ਕਲਾਂ ਜ਼ਰੂਰ ਵਧੀਆਂ ਹਨ ਪਰ ਚੋਣਕਾਰਾਂ ਨੇ ਉਨ੍ਹਾਂ ਦੀ ਥਾਂ ਵਿਦਰਭ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਇਸ਼ਾਂਤ ਸ਼ਰਮਾ ਤੇ ਮੁਹੰਮਦ ਸ਼ਮੀ ਸੀਨੀਅਰ ਗੇਂਦਬਾਜ਼ਾਂ ਦੇ ਟੀਮ ਵਿਚ ਰਹਿਣ ਤੇ ਸਪਿੰਨਰਾਂ ਦੇ ਮੁਤਾਬਕ ਵਿਕਟਾਂ ਹੋਣ 'ਤੇ ਉਮੇਸ਼ ਲਈ ਆਖ਼ਰੀ-11 ਵਿਚ ਥਾਂ ਬਣਾਉਣਾ ਚੁਣੌਤੀ ਹੋਵੇਗੀ। ਉਮੇਸ਼ ਨੇ ਪਿਛਲੇ ਘਰੇਲੂ ਸੈਸ਼ਨ ਵਿਚ ਬਹੁਤ ਦਮਦਾਰ ਗੇਂਦਬਾਜ਼ੀ ਕੀਤੀ ਸੀ ਜਿੱਥੇ ਉਨ੍ਹਾਂ ਨੇ ਵੈਸਟਇੰਡੀਜ਼ ਖ਼ਿਲਾਫ਼ ਹੈਦਰਾਬਾਦ ਦੇ ਮੈਚ ਵਿਚ 10 ਵਿਕਟਾਂ ਹਾਸਲ ਕੀਤੀਆਂ ਸਨ।
ਘਰ 'ਚ ਰਹਾਣੇ ਦੀ ਚੁਣੌਤੀ:
ਲਗਭਗ ਦੋ ਸਾਲ ਬਾਅਦ ਵੈਸਟਇੰਡੀਜ਼ ਵਿਚ ਟੈਸਟ ਸੈਂਕੜਾ ਲਾਉਣ ਵਾਲੇ ਰਹਾਣੇ ਆਪਣੀ ਸ਼ਾਨਦਾਰ ਲੈਅ ਨੂੰ ਇੱਥੇ ਕਾਇਮ ਰੱਖਣਾ ਚਾਹੁਣਗੇ। ਰਹਾਣੇ 'ਤੇ ਇਕ ਦਬਾਅ ਇਹ ਵੀ ਹੋਵੇਗਾ ਕਿ ਉਹ ਆਪਣੇ ਘਰ ਵਿਚ ਓਨੇ ਕਾਮਯਾਬ ਨਹੀਂ ਹੋਏ ਜਿੰਨਾ ਵਿਦੇਸ਼ਾਂ ਵਿਚ ਹੋਏ ਹਨ। 10 ਟੈਸਟ ਸੈਂਕੜੇ ਬਣਾ ਚੁੱਕੇ ਰਹਾਣੇ ਦੇ ਨਾਂ ਭਾਰਤ ਵਿਚ ਸਿਰਫ਼ ਤਿੰਨ ਸੈਂਕੜੇ ਹਨ। ਉਨ੍ਹਾਂ ਦੀ ਕੁੱਲ ਟੈਸਟ ਅੌਸਤ 42.23 ਹੈ ਪਰ ਜੇ ਸਿਰਫ਼ ਭਾਰਤ ਵਿਚ ਉਨ੍ਹਾਂ ਦੀ ਔਸਤ ਦੇਖੀਏ ਤਾਂ ਇਹ ਡਿੱਗ ਕੇ 34.54 ਹੋ ਜਾਂਦੀ ਹੈ ਜਦਕਿ ਵਿਦੇਸ਼ਾਂ ਵਿਚ ਉਹ 46.76 ਦੀ ਔਸਤ ਨਾਲ ਦੌੜਾਂ ਬਣਾਉਂਦੇ ਹਨ। ਰਹਾਣੇ ਆਪਣੇ ਨਿੰਦਾ ਕਰਨ ਵਾਲਿਆਂ ਨੂੰ ਜਵਾਬ ਦੇਣਾ ਚਾਹੁਣਗੇ।
ਹਨੂਮਾ ਦੀਆਂ ਨਜ਼ਰਾਂ ਘਰ ਵਿਚ ਚੰਗੇ ਪ੍ਰਦਰਸ਼ਨ 'ਤੇ:
ਪਿਛਲੇ ਸਾਲ ਇੰਗਲੈਂਡ ਵਿਚ ਟੈਸਟ 'ਚ ਸ਼ੁਰੂਆਤ ਕਰਨ ਵਾਲੇ ਹਨੂਮਾ ਵਿਹਾਰੀ ਨੇ ਅਜੇ ਤਕ ਸਿਰਫ਼ ਛੇ ਟੈਸਟ ਮੈਚ ਖੇਡੇ ਹਨ। 45.60 ਦੀ ਔਸਤ ਨਾਲ ਦੌੜਾਂ ਬਣਾਉਣ ਵਾਲੇ ਵਿਹਾਰੀ ਨੇ ਖ਼ੁਦ ਨੂੰ ਮੱਧਕ੍ਰਮ ਵਿਚ ਸਥਾਪਤ ਕਰ ਲਿਆ ਹੈ। ਇਸ ਸੀਰੀਜ਼ ਵਿਚ ਵਿਹਾਰੀ ਪਹਿਲੀ ਵਾਰ ਭਾਰਤ ਵਿਚ ਟੈਸਟ ਮੈਚ ਖੇਡਣਗੇ। ਵੈਸਟਇੰਡੀਜ਼ ਵਿਚ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਠੋਕ ਚੁੱਕੇ ਵਿਹਾਰੀ ਵੀ ਆਪਣੀ ਲੈਅ ਨੂੰ ਕਾਇਮ ਰੱਖਣਾ ਚਾਹੁਣਗੇ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।