ਮਜ਼ਬੂਤ ਚਾਰ ਟੀਮਾਂ ‘ਚ ਫਾਈਨਲ ਲਈ ਹੋਣਗੇ ਰੌਚਕ ਮੁਕਾਬਲੇ

by mediateam

ਮੈਨਚੇਸਟਰ: ਕ੍ਰਿਕਟ ਦੇ 12ਵੇਂ ਮਹਾਕੁੰਭ ਦੇ ਸੈਮੀਫਾਈਨਲ ਮੁਕਾਬਲਿਆਂ ਵਿਚ ਦੁਨੀਆ ਦੀਆਂ ਟਾਪ-4 ਟੀਮਾਂ ਪੁੱਜੀਆਂ ਹਨ ਅਤੇ ਹੁਣ ਇਹ ਫਾਈਨਲ ਵਿਚ ਪੁੱਜਣ ਲਈ ਇਕ ਦੂਜੇ ਨੂੰ ਟੱਕਰ ਦੇਣਗੀਆਂ। ਦਸ਼ਮਲਬ ਅੰਕ ਨਾਲ ਪਿੱਛੇ ਰਹਿਣ ਦੇ ਕਾਰਨ ਵਨਡੇ ਰੈਂਕਿੰਗ ਵਿਚ ਫਿਰ ਤੋਂ ਨੰਬਰ ਦੋ 'ਤੇ ਆਈ ਭਾਰਤੀ ਟੀਮ ਮੰਗਲਵਾਰ ਨੂੰ ਮੈਨਚੇਸਟਰ ਦੇ ਓਲਟ ਟ੍ਰੈਫਡ੍ ਸਟੇਡੀਅਮ ਵਿਚ ਨਿਊਜ਼ੀਲੈਂਡ ਨਾਲ ਭਿੜੇਗੀ। 


ਨਿਊਜ਼ੀਲੈਂਡ ਦੀ ਟੀਮ ਵਨਡੇ ਰੈਂਕਿੰਗ ਵਿਚ ਦਸ਼ਮਲਬ ਦੇ ਆਧਾਰ 'ਤੇ ਆਸਟ੍ਰੇਲੀਆ ਤੋਂ ਅੱਗੇ ਤੀਜੇ ਸਥਾਨ 'ਤੇ ਹੈ। ਉਥੇ ਫਿਰ ਤੋਂ ਦੂਨੀਆ ਦੀ ਨੰਬਰ ਇਕ ਟੀਮ ਬਣੀ ਇੰਗਲੈਂਡ ਦਾ ਮੁਕਾਬਲਾ ਵੀਰਵਾਰ ਨੂੰ ਬਰਮਿੰਘਮ ਦੇ ਐਜਬੇਸਟਨ ਸਟੇਡੀਅਮ ਵਿਚ ਆਸਟ੍ਰੇਲੀਆ ਨਾਲ ਹੋਵੇਗਾ।


ਸ਼ਨਿਚਰਵਾਰ ਨੂੰ ਭਾਰਤ ਬਨਾਮ ਸ੍ਰੀਲੰਕਾ ਅਤੇ ਆਸਟ੍ਰੇਲੀਆ ਬਨਾਮ ਦੱਖਣੀ ਅਫ਼ਰੀਕਾ ਦੇ ਮੈਚਾਂ ਤੋਂ ਬਾਅਦ ਸੈਮੀਫਾਈਨਲ ਦੀ ਤਸਵੀਰ ਸਾਫ਼ ਹੋ ਗਈ। ਭਾਰਤੀ ਟੀਮ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ 15 ਅੰਕਾਂ ਦੇ ਨਾਲ ਵਿਸ਼ਵ ਕੱਪ ਦੀ ਅੰਕ ਸੂਚੀ ਵਿਚ ਨੰਬਰ ਇਕ 'ਤੇ ਰਹੀ। ਉਥੇ ਵਿਸ਼ਵ ਕੱਪ ਦੇ ਆਖਰੀ ਲੀਗ ਮੁਕਾਬਲੇ ਵਿਚ ਦੱਖਣੀ ਅਫ਼ਰੀਕਾ ਤੋਂ 10 ਦੌੜਾਂ ਤੋਂ ਹਾਰਨ ਦੇ ਕਾਰਨ ਆਸਟ੍ਰੇਲੀਆ 14 ਅੰਕਾਂ ਦੇ ਨਾਲ ਦੂਜੇ ਨੰਬਰ 'ਤੇ ਰਿਹਾ। 


ਇੰਗਲੈਂਡ 12 ਅੰਕਾਂ ਦੇ ਨਾਲ ਤੀਜੇ ਅਤੇ ਨਿਊਜ਼ੀਲੈਂਡ 11 ਅੰਕਾਂ ਦੇ ਨਾਲ ਚੌਥੇ ਨੰਬਰ 'ਤੇ ਹੈ। ਅੰਕ ਸੂਚੀ ਵਿਚ ਪਹਿਲੇ ਨੰਬਰ ਦੀ ਟੀਮ ਨੂੰ ਸੈਮੀਫਾਈਨਲ ਵਿਚ ਚੌਥੇ ਨੰਬਰ ਦੀ ਟੀਮ ਨਾਲ ਭਿੜਨਾ ਹੁੰਦਾ ਹੈ। ਉਥੇ ਹੀ ਦੂਜੇ ਨੰਬਰ ਦੀ ਟੱਕਰ ਤੀਜੇ ਨੰਬਰ ਦੀ ਟੀਮ ਨਾਲ ਹੁੰਦੀ ਹੈ। ਇਸ ਵਿਚ ਜੋ ਜਿੱਤੇਗਾ ਉਹ ਐਤਵਾਰ ਨੂੰ ਫਾਈਨਲ ਵਿਚ ਲੰਡਨ ਦੇ ਲਾਡਸ ਸਟੇਡੀਅਮ ਵਿਚ ਭਿੜੇਗਾ।


ਭਾਰਤ ਆਪਣਾ ਮੁਕਾਬਲਾ ਉਸ ਓਲਡ ਟ੍ਰੈਫਡ੍ ਵਿਚ ਖੇਡੇਗਾ ਜਿੱਥੇ ਉਸ ਨੇ ਲੀਗ ਮੁਕਾਬਲੇ ਵਿਚ ਪਾਕਿਸਤਾਨ ਨੂੰ ਹਰਾਇਆ ਸੀ। ਇਸ ਮੈਦਾਨ 'ਤੇ ਭਾਰਤ ਦਾ ਓਵਰਆਲ ਰਿਕਾਰਡ 50-50 ਦਾ ਹੈ। 


ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਲੀਗ ਪੱਧਰ 'ਤੇ ਆਪਸ ਵਿਚ ਨਹੀਂ ਭਿੜੀਆਂ ਸਨ। ਇਨ੍ਹਾਂ ਦੋਵਾਂ ਦਾ ਮੈਚ ਮੀਂਹ ਦੇ ਕਾਰਨ ਰੱਦ ਹੋ ਗਿਆ ਸੀ। ਵਿਸ਼ਵ ਕੱਪ ਇਤਿਹਾਸ ਵਿਚ ਟੀਮ ਇੰਡੀਆ ਨੇ ਹੁਣ ਤਕ ਸੱਤ ਸੈਮੀਫਾਈਨਲ ਮੁਕਾਬਲੇ ਖੇਡੇ ਹਨ ਅਤੇ ਚਾਰ ਵਿਚ ਜਿੱਤ ਹਾਸਲ ਕੀਤੀ ਹੈ, ਜਦਕਿ ਨਿਊਜ਼ੀਲੈਂਡ ਨੇ ਅੱਠ ਸੈਮੀਫਾਈਨਲ ਮੈਚਾਂ ਵਿਚ ਸਿਰਫ਼ ਇਕ ਵਿਚ ਹੀ ਜਿੱਤ ਦਰਜ ਕੀਤੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।