by mediateam
ਬ੍ਰਿਸਟਲ (ਵਿਕਰਮ ਸਹਿਜਪਾਲ) : ਮੰਗਲਵਾਰ ਨੂੰ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਇਥੇ ਖੇਡਿਆ ਜਾਣ ਵਾਲਾ ਕ੍ਰਿਕਟ ਵਿਸ਼ਵ ਕੱਪ ਦਾ ਲੀਗ ਮੈਚ ਲਗਾਤਾਰ ਮੀਂਹ ਕਾਰਣ ਇਕ ਵੀ ਗੇਂਦ ਸੁੱਟੇ ਬਿਨਾਂ ਹੀ ਰੱਦ ਹੋ ਗਿਆ, ਜਿਸ ਨਾਲ ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਮੌਜੂਦਾ ਟੂਰਨਾਮੈਂਟ ਦਾ ਇਹ ਲਗਾਤਾਰ ਦੂਜਾ ਮੈਚ ਹੈ, ਜਿਸ ਦਾ ਮੀਂਹ ਕਾਰਣ ਨਤੀਜਾ ਨਹੀਂ ਨਿਕਲਿਆ। ਸੋਮਵਾਰ ਨੂੰ ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਇਆ ਮੁਕਾਬਲਾ ਵੀ ਮੀਂਹ ਕਾਰਣ 7.3 ਓਵਰਾਂ ਦੀ ਖੇਡ ਤੋਂ ਬਾਅਦ ਰੱਦ ਹੋ ਗਿਆ ਸੀ।
ਮੈਚ ਦੀ ਸ਼ੁਰੂਆਤ ਦੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਤੋਂ ਹੀ ਮੀਂਹ ਪੈ ਰਿਹਾ ਸੀ, ਜਿਸ ਕਾਰਣ ਟਾਸ ਵੀ ਨਹੀਂ ਹੋ ਸਕਿਆ। ਵਿਚਾਲੇ ਜਿਹੇ ਕੁਝ ਸਮੇਂ ਲਈ ਮੀਂਹ ਰੁਕਿਆ ਸੀ, ਜਿਸ ਨਾਲ ਮੈਚ ਹੋਣ ਦੀ ਉਮੀਦ ਬੱਝੀ ਸੀ ਪਰ ਦੁਬਾਰਾ ਮੀਂਹ ਤੇਜ਼ ਹੋ ਜਾਣ ਕਾਰਣ ਮੈਚ ਸ਼ੁਰੂ ਨਹੀਂ ਹੋ ਸਕਿਆ। ਸ਼੍ਰੀਲੰਕਾ ਦਾ ਇਹ ਲਗਾਤਾਰ ਦੂਜਾ ਮੈਚ ਹੈ, ਜਿਸ ਨੂੰ ਮੀਂਹ ਕਾਰਣ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰਨਾ ਪਿਆ।