ਸਾਊਥੰਪਟਨ (ਵਿਕਰਮ ਸਹਿਜਪਾਲ) : ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਵਿਚਾਲੇ ICC ਵਿਸ਼ਵ ਕੱਪ ਦਾ ਮੁਕਾਬਲਾ ਸੋਮਵਾਰ ਨੂੰ ਮੀਂਹ ਦੀ ਭੇਟ ਚੜ੍ਹ ਗਿਆ ਤੇ ਮੈਚ ਨੂੰ ਰੱਦ ਐਲਾਨ ਕੀਤਾ ਗਿਆ। ਮੈਚ ਰੱਦ ਹੋਣ ਨਾਲ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਇਸ ਵਿਸ਼ਵ ਕੱਪ ਵਿਚ ਇਹ ਦੂਜਾ ਮੁਕਾਬਲਾ ਹੈ ਜਿਹੜਾ ਮੀਂਹ ਕਾਰਣ ਰੱਦ ਹੋਇਆ ਹੈ। ਇਸ ਤੋਂ ਪਹਿਲਾਂ 7 ਜੂਨ ਨੂੰ ਬ੍ਰਿਸਟਲ ਵਿਚ ਪਾਕਿਸਤਾਨ ਤੇ ਸ਼੍ਰੀਲੰਕਾ ਦਾ ਮੁਕਾਬਲਾ ਬਿਨਾਂ ਕੋਈ ਗੇਂਦ ਸੁੱਟੇ ਮੀਂਹ ਦੀ ਭੇਟ ਚੜ੍ਹ ਗਿਆ ਸੀ ਤੇ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ ਸੀ।
ਇਸ ਮੁਕਾਬਲੇ ਵਿਚ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਸੀ ਤੇ ਮੈਚ ਵਿਚ 7.3 ਓਵਰਾਂ ਤੋਂ ਬਾਅਦ ਮੀਂਹ ਆਉਣ ਨਾਲ ਫਿਰ ਖੇਡ ਸੰਭਵ ਨਹੀਂ ਹੋ ਸਕੀ। ਦੱਖਣੀ ਅਫਰੀਕਾ ਨੇ ਇਸ ਦੌਰਾਨ 2 ਵਿਕਟਾਂ ਗੁਆ ਕੇ 29 ਦੌੜਾਂ ਬਣਾਈਆਂ ਸਨ। ਸ਼ੈਲਡਨ ਕੋਟ੍ਰੋਲ ਨੇ ਹਾਸ਼ਿਮ ਅਮਲਾ (6) ਤੇ ਐਡਨ ਮਾਰਕ੍ਰਮ (6) ਦੀਆਂ ਵਿਕਟਾਂ ਲਈਆਂ। ਕਵਿੰਟਨ ਡੀ ਕੌਕ 17 ਤੇ ਕਪਤਾਨ ਫਾਫ ਡੂ ਪਲੇਸਿਸ 0 'ਤੇ ਅਜੇਤੂ ਸਨ।