ਖੇਡ ਡੈਸਕ: ਲੈੱਗ ਸਪਿਨਰ ਯੁਜਵੇਂਦਰ ਚਹਿਲ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਰੋਹਿਤ ਸ਼ਰਮਾ ਦੇ ਕੁੱਝ ਮੁਸ਼ਕਿਲ ਪਲਾਂ 'ਚੋਂ ਲੰਘਣ ਤੋਂ ਬਾਅਦ ਖੇਡੀ ਗਈ ਅਜੇਤੂ ਸੈਂਕੜੇ ਵਾਲੀ ਪਾਰੀ ਨਾਲ ਭਾਰਤ ਨੇ ਬੁੱਧਵਾਰ ਨੂੰ ਇੱਥੇ ਦੱਖਣੀ ਅਫਰੀਕਾ ਨੂੰ 6 ਵਿਕਟਾਂ ਨਾਲ ਹਰਾ ਕੇ ਆਪਣੇ ਵਿਸ਼ਵ ਕੱਪ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ 'ਤੇ 227 ਦੌੜਾਂ ਬਣਾਈਆਂ। ਇਸ ਵਿਚ ਟਾਪ ਸਕੋਰਰ ਕ੍ਰਿਸ ਮੌਰਿਸ (42) ਸੀ। ਯੁਜਵੇਂਦਰ ਚਹਿਲ (51 ਦੌੜਾਂ ਦੇ ਕੇ 4 ਵਿਕਟ) ਦੀ ਅਗਵਾਈ 'ਚ ਭਾਰਤੀ ਗੇਂਦਬਾਜ਼ਾਂ ਨੇ ਉਸ ਦੇ ਕਿਸੇ ਵੀ ਬੱਲੇਬਾਜ਼ ਨੂੰ ਲੰਮੀ ਪਾਰੀ ਨਹੀਂ ਖੇਡਣ ਦਿੱਤੀ। ਭਾਰਤ ਨੇ ਮੈਚ ਵਿਚ ਜ਼ਿਆਦਾਤਰ ਸਮਾਂ ਦਬਦਬਾ ਬਣਾ ਕੇ ਰੱਖਿਆ। ਰੋਹਿਤ ਨੂੰ ਸ਼ੁਰੂ ਵਿਚ ਸੰਘਰਸ਼ ਕਰਨਾ ਪਿਆ। ਅਖੀਰ ਵਿਚ ਉਹ 122 ਦੌੜਾਂ ਬਣਾ ਕੇ ਅਜੇਤੂ ਰਿਹਾ। ਉਸ ਨੇ 144 ਗੇਂਦਾਂ ਖੇਡੀਆਂ ਅਤੇ 13 ਚੌਕੇ ਅਤੇ 2 ਛੱਕੇ ਲਾਏ। ਉਸ ਤੋਂ ਇਲਾਵਾ ਮਹਿੰਦਰ ਸਿੰਘ ਧੋਨੀ ਨੇ 34 ਦੌੜਾਂ ਦਾ ਯੋਗਦਾਨ ਦਿੱਤਾ। ਇਨ੍ਹਾਂ ਦੋਵਾਂ ਨੇ ਚੌਥੀ ਵਿਕਟ ਲਈ 74 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਨੇ 47.3 ਓਵਰ ਵਿਚ 4 ਵਿਕਟਾਂ 'ਤੇ 230 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਦੱਖਣੀ ਅਫਰੀਕਾ ਦੀ ਇਹ ਲਗਾਤਾਰ ਤੀਜੀ ਹਾਰ ਹੈ। ਇਸ ਨਾਲ ਉਸ ਦੀ ਅੱਗੇ ਦੀ ਰਾਹ ਮੁਸ਼ਕਿਲ ਹੋ ਗਈ ਹੈ। ਇਸ ਤੋਂ ਪਹਿਲਾਂ ਉਸ ਨੂੰ ਇੰਗਲੈਂਡ ਅਤੇ ਬੰਗਲਾਦੇਸ਼ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੱਖਣੀ ਅਫਰੀਕਾ ਨੇ ਇਸ ਮੁਕਾਬਲੇ ਵਿਚ 5 ਵਿਕਟਾਂ 89 ਦੌੜਾਂ 'ਤੇ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਉਸ ਦੇ ਗੇਂਦਬਾਜ਼ ਇਸ ਨੂੰ ਜਿੱਤ ਵਿਚ ਤਬਦੀਲ ਕਰਨ ਵਿਚ ਪੂਰੀ ਤਰ੍ਹਾਂ ਨਾਕਾਮਯਾਬ ਰਹੇ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੇ ਦੱਖਣੀ ਅਫਰੀਕਾ ਨੇ ਖਰਾਬ ਸ਼ੁਰੂਆਤ ਕੀਤੀ ਅਤੇ 23 ਓਵਰ ਤੱਕ ਉਸ ਦੀਆਂ 5 ਵਿਕਟਾਂ 89 ਦੌੜਾਂ 'ਤੇ ਡਿੱਗ ਚੁੱਕੀਆਂ ਸਨ। ਡੇਵਿਡ ਮਿਲਰ ਨੇ 31, ਆਂਦਿਲੇ ਫੇਲਕਵਾਓ ਨੇ 34, ਕ੍ਰਿਸ ਮੌਰਿਸ ਨੇ 42 ਅਤੇ ਕੈਗਿਸੋ ਰਬਾਡਾ ਨੇ ਅਜੇਤੂ 31 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ 227 ਤੱਕ ਪਹੁੰਚਾਇਆ।
by