ਲੀਡਸ — ਆਈ. ਸੀ. ਸੀ. ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਚੁੱਕੀ ਵਿਰਾਟ ਕੋਹਲੀ ਦੀ ਟੀਮ ਇੰਡੀਆ ਸ਼ਨੀਵਾਰ ਨੂੰ ਦੌੜ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਸ਼੍ਰੀਲੰਕਾ ਵਿਰੁੱਧ ਆਪਣੀ ਲੈਅ ਬਰਕਰਾਰ ਰੱਖਣ ਦੇ ਨਾਲ-ਨਾਲ ਅੰਕ ਸੂਚੀ ਵਿਚ ਬਿਹਤਰ ਸਥਿਤੀ ਨਾਲ ਗਰੁੱਪ ਗੇੜ ਦੀ ਸਮਾਪਤੀ ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤ ਦੇ 8 ਮੈਚਾਂ ਵਿਚੋਂ 13 ਅੰਕ ਹਨ ਤੇ ਉਹ ਅੰਕ ਸੂਚੀ ਵਿਚ ਦੂਜੇ ਨੰਬਰ 'ਤੇ ਹੈ। ਸੈਮੀਫਾਈਨਲ ਵਿਚ ਉਸ ਦਾ ਸਥਾਨ ਪੱਕਾ ਹੋ ਚੁੱਕਾ ਹੈ, ਇਸ ਲਈ ਨਤੀਜੇ ਦੇ ਲਿਹਾਜ਼ ਨਾਲ ਭਾਵੇਂ ਹੀ ਇਹ ਮੈਚ ਅਹਿਮ ਨਾ ਹੋਵੇ ਪਰ ਜੇਕਰ ਉਹ ਜਿੱਤਦਾ ਹੈ ਤਾਂ ਉਸ ਕੋਲ ਆਸਟਰੇਲੀਆ ਨੂੰ ਹਟਾ ਕੇ ਚੋਟੀ ਦੇ ਸਥਾਨ ਨਾਲ ਗਰੁੱਪ ਗੇੜ ਦੀ ਸਮਾਪਤੀ ਕਰਨ ਦਾ ਮੌਕਾ ਰਹੇਗਾ, ਹਾਲਾਂਕਿ ਇਹ ਉਦੋਂ ਸੰਭਵ ਹੈ, ਜਦੋਂ ਆਸਟਰੇਲੀਆ ਆਪਣੇ ਅਗਲੇ ਗਰੁੱਪ ਮੈਚ ਵਿਚ ਦੱਖਣੀ ਅਫਰੀਕਾ ਤੋਂ ਹਾਰ ਜਾਵੇ। ਆਸਟਰੇਲੀਆਈ ਟੀਮ ਦੇ 8 ਮੈਚਾਂ ਵਿਚੋਂ 13 ਅੰਕ ਹਨ।
ਸ਼੍ਰੀਲੰਕਾਈ ਟੀਮ ਦੀ ਕੋਸ਼ਿਸ਼ ਰਹੇਗੀ ਕਿ ਉਹ ਆਪਣੇ ਆਖਰੀ ਗਰੁੱਪ ਮੈਚ ਨੂੰ ਜਿੱਤ ਕੇ ਵਿਸ਼ਵ ਕੱਪ 'ਚੋਂ ਸੁਖਦਾਈ ਵਿਦਾਇਗੀ ਲਵੇ। ਸ਼੍ਰੀਲੰਕਾ ਦਾ ਟੂਰਨਾਮੈਂਟ ਵਿਚ ਸਫਰ ਉਤਰਾਅ-ਚੜ੍ਹਾਅ ਭਰਿਆ ਰਿਹਾ ਹੈ ਤੇ ਉਹ ਆਪਣੇ 8 ਮੈਚਾਂ ਵਿਚੋਂ 3 ਹੀ ਜਿੱਤ ਸਕੀ ਹੈ। ਉਸ ਨੇ ਆਖਰੀ ਵਾਰ ਆਈ. ਸੀ. ਸੀ. ਚੈਂਪੀਅਨਸ ਟਰਾਫੀ 2017 ਵਿਚ ਵੀ ਇੰਗਲੈਂਡ ਦੀ ਧਰਤੀ 'ਤੇ ਹੀ ਭਾਰਤ ਦਾ ਸਾਹਮਣਾ ਕੀਤਾ ਸੀ ਤੇ ਉਸ ਦੇ 321 ਦੌੜਾਂ ਦੇ ਵੱਡੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ ਸੀ। ਸ਼੍ਰੀਲੰਕਾ ਦੀ ਕੋਸ਼ਿਸ਼ ਰਹੇਗੀ ਕਿ ਉਹ ਇਸ ਪ੍ਰਦਰਸ਼ਨ ਨੂੰ ਦੁਹਰਾਉਂਦੇ ਹੋਏ ਦੁਬਾਰਾ ਭਾਰਤ ਨੂੰ ਹੈਰਾਨ ਕਰੇ।
ਦੂਜੇ ਪਾਸੇ ਵਿਰਾਟ ਦੀ ਅਗਵਾਈ ਵਿਚ ਟੀਮ ਇੰਡੀਆ ਦੀ ਕੋਸ਼ਿਸ਼ ਰਹੇਗੀ ਕਿ ਉਹ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਆਪਣੀ ਟੀਮ ਦੀਆਂ ਕਮੀਆਂ ਤੇ ਖਾਸ ਕਰਕੇ ਮੱਧਕ੍ਰਮ ਦੀ ਸਿਰਦਰਦੀ ਨੂੰ ਦੂਰ ਕਰ ਲਵੇ। ਆਲਰਾਊਂਡਰ ਵਿਜੇ ਸ਼ੰਕਰ ਦੇ ਸੱਟ ਕਾਰਣ ਬਾਹਰ ਹੋਣ ਤੋਂ ਬਾਅਦ ਟੀਮ ਵਿਚ ਮਯੰਕ ਅਗਰਵਾਲ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਤੋਂ ਸਾਫ ਹੈ ਕਿ ਟੀਮ ਇਕ ਹੋਰ ਬੱਲੇਬਾਜ਼ ਦੇ ਬਦਲ 'ਤੇ ਕੰਮ ਕਰ ਰਹੀ ਹੈ, ਜਦਕਿ ਲੋਕੇਸ਼ ਰਾਹੁਲ ਦੇ ਕ੍ਰਮ ਵਿਚ ਵੀ ਬਦਲਾਅ ਕੀਤਾ ਜਾ ਸਕਦਾ ਹੈ। ਭਾਰਤੀ ਟੀਮ ਮੈਨੇਜਮੈਂਟ ਹੇਡਿੰਗਲੇ ਵਿਚ ਕਈ ਨਵੇਂ ਪ੍ਰਯੋਗ ਕਰ ਸਕਦੀ ਹੈ। ਮੱਧਕ੍ਰਮ ਵਿਚ ਪਿਛਲੇ ਕੁਝ ਸਮੇਂ ਤੋਂ ਮਹਿੰਦਰ ਸਿੰਘ ਧੋਨੀ ਦੀ ਫਾਰਮ ਨੂੰ ਲੈ ਕੇ ਸਵਾਲ ਉੱਠ ਰਹੇ ਹਨ, ਜਿਸ ਦੀ ਹੌਲੀ ਬੱਲੇਬਾਜ਼ੀ ਵੀ ਕਈ ਮੌਕਿਆਂ 'ਤੇ ਪ੍ਰੇਸ਼ਾਨੀ ਦਾ ਸਬੱਬ ਬਣੀ ਹੈ। ਉਥੇ ਹੀ ਕੇਦਾਰ ਜਾਧਵ ਹੀ ਹੇਠਲੇਕ੍ਰਮ 'ਤੇ ਖਾਸ ਯੋਗਦਾਨ ਨਹੀਂ ਦੇ ਸਕਿਆ ਹੈ, ਜਿਸ ਦੀ ਜਗ੍ਹਾ ਪਿਛਲੇ ਮੈਚ ਵਿਚ ਦਿਨੇਸ਼ ਕਾਰਤਿਕ ਨੂੰ ਮੌਕਾ ਦਿੱਤਾ ਗਿਆ ਸੀ।
ਬੰਗਲਾਦੇਸ਼ ਵਿਰੁੱਧ ਕਾਰਤਿਕ ਨੂੰ ਪਹਿਲੀ ਵਾਰ ਵਿਸ਼ਵ ਕੱਪ ਟੀਮ ਵਿਚ ਖੇਡਣ ਦਾ ਮੌਕਾ ਦਿੱਤਾ ਗਿਆ ਸੀ ਪਰ ਉਹ 8 ਦੌੜਾਂ ਹੀ ਬਣਾ ਸਕਿਆ ਸੀ, ਜਿਸ ਤੋਂ ਬਾਅਦ ਮੱਧਕ੍ਰਮ ਦੀ ਉਲਝਣ ਸੁਲਝਦੀ ਦਿਖਾਈ ਨਹੀਂ ਦੇ ਰਹੀ। ਭਾਰਤੀ ਟੀਮ ਵਿਸ਼ਵ ਕੱਪ ਵਿਚ ਵੀ ਦੌੜਾਂ ਲਈ ਕਿਸੇ ਹੋਰ ਸੀਰੀਜ਼ ਦੀ ਤਰ੍ਹਾਂ ਆਪਣੇ ਕਪਤਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ 'ਤੇ ਨਿਰਭਰ ਦਿਸ ਰਹੀ ਹੈ, ਜਦਕਿ ਲੋਕੇਸ਼ ਰਾਹੁਲ ਨੇ ਵੀ ਕਾਫੀ ਅਹਿਮ ਯੋਗਦਾਨ ਦਿੱਤੇ ਹਨ। ਪਰ ਇਹ ਸਾਫ ਹੈ ਕਿ ਜੇਕਰ ਟੀਮ ਦਾ ਚੋਟੀਕ੍ਰਮ ਫਲਾਪ ਰਹਿੰਦਾ ਹੈ ਤਾਂ ਹੇਠਲੇਕ੍ਰਮ 'ਤੇ ਦੌੜਾਂ ਬਣਾਉਣ ਲਈ ਉਸ ਦੇ ਕੋਲ ਜ਼ਿਆਦਾ ਭਰੋਸੇਮੰਦ ਬਦਲ ਨਹੀਂ ਹਨ।
ਭਾਰਤੀ ਟੀਮ ਲਈ ਇਹ ਮੈਚ ਨਤੀਜੇ ਦੇ ਲਿਹਾਜ਼ ਨਾਲ ਮਹੱਤਵਪੂਰਨ ਨਹੀਂ ਹੈ, ਅਜਿਹੀ ਹਾਲਤ 'ਚ ਟੀਮ ਕੁਝ ਨਵੇਂ ਸੰਯੋਜਨ ਨਾਲ ਉਤਰ ਸਕਦੀ ਹੈ, ਜਿਸ ਵਿਚ ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਜਡੇਜਾ ਨੂੰ ਇਸ ਵਿਸ਼ਵ ਕੱਪ ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ, ਜਿਸ ਨੇ ਅਭਿਆਸ ਮੈਚ ਵਿਚ ਕਾਫੀ ਪ੍ਰਭਾਵਿਤ ਕੀਤਾ ਸੀ। ਭਾਰਤ ਕੋਲ ਚੰਗਾ ਗੇਂਦਬਾਜ਼ੀ ਕ੍ਰਮ ਹੈ ਅਤੇ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਦੀ ਹਮਲਾਵਰ ਤਿਕੜੀ ਟੀਮ ਲਈ ਸਭ ਤੋਂ ਉਪਯੋਗੀ ਹੈ। ਉਥੇ ਹੀ ਸਪਿਨਰ ਯੁਜਵੇਂਦਰ ਚਾਹਲ ਵੀ ਕਾਫੀ ਕਿਫਾਇਤੀ ਰਿਹਾ ਹੈ।
ਟੀਮਾਂ ਇਸ ਤਰ੍ਹਾਂ ਹਨ —
ਭਾਰਤ — ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਰਿਸ਼ਭ ਪੰਤ, ਹਾਰਦਿਕ ਪੰਡਯਾ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਦਿਨੇਸ਼ ਕਾਰਤਿਕ, ਯੁਜਵੇਂਦਰ ਚਾਹਲ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਮਯੰਕ ਅਗਰਵਾਲ, ਰਵਿੰਦਰ ਜਡੇਜਾ ਤੇ ਕੇਦਾਰ ਜਾਧਵ।
ਸ਼੍ਰੀਲੰਕਾ — ਦਿਮੁਥ ਕਰੁਣਾਰਤਨੇ (ਕਪਤਾਨ), ਕੁਸ਼ਾਲ ਮੈਂਡਿਸ, ਕੁਸ਼ਾਲ ਪਰੇਰਾ, ਲਾਹਿਰੂ ਥਿਰੀਮਾਨੇ, ਐਂਜਲੋ ਮੈਥਿਊਜ਼, ਲਸਿਥ ਮਲਿੰਗਾ, ਜੀਵਨ ਮੈਂਡਿਸ, ਧਨੰਜਯ ਡਿਸਿਲਵਾ, ਕਾਸੁਨ ਰਾਜਿਥਾ, ਇਸਰੂ ਉਡਾਨਾ, ਸੁਰੰਗਾ ਲਕਮਲ, ਮਿਲਿੰਡਾ ਸ੍ਰੀਵਰਧਨੇ, ਜੇਫਰੀ ਵਾਂਡਰਸੇ, ਤਿਸ਼ਾਰਾ ਪਰੇਰਾ ਤੇ ਅਵਿਸ਼ਕਾ ਫਰਨਾਂਡੋ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।