ਲੰਡਨ (ਵਿਕਰਮ ਸਹਿਜਪਾਲ) : ਇੰਗਲੈਂਡ ਦੇ ਓਵਲ ਵਿਖੇ ਖੇਡੇ ਗਏ ਵਿਸ਼ਵ ਕੱਪ 2019 ਦੇ ਬੰਗਲਾਦੇਸ਼ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਮੈਚ ਵਿੱਚ ਦੱਖਣੀ ਅਫ਼ਰੀਕਾ ਨੇ ਟਾੱਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ। ਬੰਗਲਾਦੇਸ਼ ਵਲੋਂ ਤਮੀਮ ਇਕਬਾਲ ਅਤੇ ਸੋਮਿਆ ਸਰਕਾਰ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ। ਇਕਬਾਲ ਤਾਂ 16 ਦੌੜਾਂ ਤੇ ਹੀ ਆਉਟ ਹੋ ਗਏ ਪਰ ਸਰਕਾਰ ਨੇ 30 ਗੇਂਦਾਂ ਖੇਡਦਿਆਂ 42 ਦੌੜਾਂ ਬਣਾਈਆਂ। ਉਸ ਤੋਂ ਬਾਅਦ ਤੀਜੀ ਵਿਕਟ 'ਤੇ ਬੱਲੇਬਾਜ਼ੀ ਕਰਨ ਆਏ ਸ਼ਕੀਬ ਅਲ ਹਸਨ ਨੇ 84 ਗੇਂਦਾਂ ਨਾਲ 75 ਦੌੜਾਂ ਟੀਮ ਦੇ ਖ਼ਾਤੇ ਵਿੱਚ ਪਾਈਆਂ।
ਸਰਕਾਰ ਦੇ ਆਉਟ ਹੋਣ ਤੋਂ ਬਾਅਦ ਮੁਸ਼ਫਿਕਰ ਰਹੀਮ ਬੱਲੇਬਾਜ਼ੀ ਕਰਨ ਆਏ ਜਿੰਨ੍ਹਾਂ ਨੇ 80 ਗੇਂਦਾਂ ਨਾਲ 78 ਦੌੜਾਂ ਬਣਾਈਆਂ। ਇਸ ਤੋਂ ਬਾਅਦ 6ਵੀਂ ਵਿਕਟ ਤੇ ਖੇਡਣ ਆਏ ਮੁਹੰਮਦੁੱਲਾ ਨੇ ਵੀ ਟੀਮ ਲਈ ਵਧੀਆਂ ਦੌੜਾਂ ਜੋੜੀਆਂ ਪਰ ਉਹ ਆਪਣੇ ਅਰਧ-ਸੈਂਕੜੇ ਤੋਂ ਖੁੰਝ ਗਏ। ਬੰਗਲਾਦੇਸ਼ ਦੀ ਟੀਮ ਨੇ 50 ਓਵਰ ਖੇਡਦਿਆਂ 6 ਵਿਕਟਾਂ ਦੇ ਨੁਕਸਾਨ ਨਾਲ 330 ਦੌੜਾਂ ਬਣਾਈਆਂ ਅਤੇ 331 ਦੌੜਾਂ ਦਾ ਟੀਚਾ ਦੱਖਣੀ ਅਫ਼ਰੀਕਾ ਨੂੰ ਦਿੱਤਾ।ਇਸ ਤੋਂ ਬਾਅਦ ਦੱਖਣੀ ਅਫ਼ਰੀਕਾ ਨੇ ਟੀਚੇ ਦਾ ਪਿੱਛਾ ਕਰਦਿਆਂ 50 ਓਵਰ ਖੇਡਦੇ ਹੋਏ 8 ਵਿਕਟਾਂ ਦੇ ਨੁਕਸਾਨ ਨਾਲ 309 ਦੌੜਾਂ ਹੀ ਬਣਾਈਆਂ।
ਦੱਖਣੀ ਅਫ਼ਰੀਕਾ ਵਲੋਂ ਟੀਮ ਦੇ ਕਪਤਾਨ ਪਲੇਸਿਸ ਨੇ 53 ਗੇਂਦਾਂ ਖੇਡਦੇ ਹੋਏ 62 ਦੌੜਾਂ ਬਣਾਈਆਂ ਪਰ ਇਸ ਨਾਲ ਟੀਮ ਨੂੰ ਜਿੱਤ ਨਸੀਬ ਨਹੀਂ ਹੋ ਸਕੀ। ਬੰਗਲਾਦੇਸ਼ ਦੇ ਗੇਂਦਬਾਜ਼ ਨੇ 10 ਓਵਰਾਂ ਵਿੱਚ 67 ਦੌੜਾਂ ਦਿੰਦੇ ਹੋਏ 3 ਵਿਕਟਾਂ ਚਟਕਾਈਆਂ। ਇਸ ਮੈਚ ਵਿੱਚ ਬੰਗਲਾਦੇਸ਼ ਦੇ ਸ਼ਾਕਿਬ ਉੱਲ ਹਸਨ ਨੂੰ ਮੈਨ ਆਫ਼ ਦਾ ਮੈਚ ਦੇ ਖਿਤਾਬ ਨਾਲ ਨਿਵਾਜਿਆ ਗਿਆ।