ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਸਰਕਾਰ ਵੱਲੋਂ ਬਿਜਲੀ ਸੰਕਟ ਤੋਂ ਉੱਭਰਨ ਲਈ ਕੋਲੇ ਦੀ ਥਾਂ ਸੋਲਰ ਅਤੇ ਗੈਸ ਦੇ ਬਦਲ ਅਪਨਾਉਣ ਦੀ ਯੋਜਨਾ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਦਾਅਵਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤਾ ਗਿਆ ਹੈ। ਮਨਪ੍ਰੀਤ ਸਿੰਘ ਬਾਦਲ ਇੱਥੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਆਯੋਜਿਤ ਪ੍ਰੋਗਰਾਮ 'ਚ ਪੁੱਜੇ ਹੋਏ ਸਨ।
ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਕੋਟਲੀ ਵੀ ਮੌਜੂਦ ਸਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਜਦੋਂ ਤੱਕ ਕੋਲੇ ਦੀ ਕਮੀ ਪੂਰੀ ਨਹੀਂ ਹੋ ਜਾਂਦੀ, ਉਸ ਸਮੇਂ ਤੱਕ ਸਰਕਾਰ ਵੱਲੋਂ ਮਹਿੰਗੇ ਭਾਅ 'ਤੇ ਬਿਜਲੀ ਖ਼ਰੀਦ ਕੇ ਸਪਲਾਈ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਕੋਲੇ ਦੀ ਕਮੀ ਕਾਰਨ ਪੈਦਾ ਹੋਏ ਹਾਲਾਤ ਤੋਂ ਸਬਕ ਲੈਣਾ ਜ਼ਰੂਰੀ ਹੈ, ਜਿਸ ਦੇ ਤਹਿਤ ਆਉਣ ਵਾਲੇ ਸਮੇਂ ਦੌਰਾਨ ਬਿਜਲੀ ਦੇ ਉਤਪਾਦਨ ਲਈ ਸੋਲਰ ਅਤੇ ਗੈਸ ਦੇ ਬਦਲ ਅਪਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਮਨਪ੍ਰੀਤ ਬਾਦਲ ਮੁਤਾਬਕ ਪੰਜਾਬ 'ਚ 80 ਫ਼ੀਸਦੀ ਬਿਜਲੀ ਦਾ ਉਤਪਾਦਨ ਕੋਲੇ 'ਤੇ ਨਿਰਭਰ ਹੈ, ਜਦੋਂ ਕਿ ਵਰਲਡ ਮਾਰਕਿਟ 'ਚ ਕੋਲੇ ਦੇ ਭਾਅ ਢਾਈ ਗੁਣਾ ਤੱਕ ਵੱਧ ਗਏ ਹਨ ਅਤੇ ਖਾਨਾਂ 'ਚ ਪਾਣੀ ਭਰਨ ਕਾਰਨ ਕੋਲੇ ਦੀ ਸਪਲਾਈ ਨਹੀਂ ਹੋ ਰਹੀ ਹੈ। ਇਸ ਦੌਰਾਨ ਕੋਵਿਡ ਮਗਰੋਂ ਸਨਅਤੀ ਸੈਕਟਰ 'ਚ ਬਿਜਲੀ ਦੀ ਮੰਗ 'ਚ ਵਾਧਾ ਹੋਣ ਕਾਰਨ ਦਿੱਕਤ ਆ ਰਹੀ ਹੈ।
ਮਨਪ੍ਰੀਤ ਬਾਦਲ ਨੇ ਪੰਜਾਬ 'ਚ ਬਿਜਲੀ ਦੇ ਰੇਟ ਜ਼ਿਆਦਾ ਹੋਣ ਦਾ ਠੀਕਰਾ ਵੀ ਕੇਂਦਰ ਸਿਰ ਭੰਨਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਕੋਲੇ ਦੀਆਂ ਖਾਨਾਂ ਤੋਂ ਸਭ ਤੋਂ ਦੂਰ ਹਾਂ ਅਤੇ ਰੇਲਵੇ ਵੱਲੋਂ ਲਿਫਟਿੰਗ ਦੇ ਚਾਰਜ ਪਿਛਲੇ 5 ਸਾਲਾਂ ਦੇ ਦੌਰਾਨ ਦੁੱਗਣੇ ਕਰ ਦਿੱਤੇ ਗਏ ਹਨ, ਜਿਸ ਨਾਲ ਬਿਜਲੀ ਦੇ ਪ੍ਰਤੀ ਯੂਨਿਟ ਰੇਟ 'ਚ 2 ਰੁਪਏ ਦਾ ਵਾਧਾ ਹੋਇਆ ਹੈ।