ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਿਸਾਨ ਦੀ ਜ਼ਮੀਨ ਦੀ ਨਿਲਾਮੀ ਕਰਵਾਉਣ ਪੁੱਜੀ ਮਹਿਲਾ ਤਹਿਸੀਲਦਾਰ ਨੂੰ ਕਿਸਾਨਾਂ ਨੇ ਤਿੰਨ ਘੰਟੇ ਬੰਧਕ ਬਣਾਈ ਰੱਖਿਆ। ਕਿਸਾਨ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਬੈਂਕ ਕੋਲੋਂ ਕਰਜ਼ਾ ਲਿਆ ਸੀ। ਬਣਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਬੈਂਕ ਵੱਲੋਂ ਅਦਾਲਤ ਵਿਚ ਕੇਸ ਦਾਇਰ ਕੀਤਾ ਗਿਆ ਸੀ।
ਅਦਾਲਤ ਨੇ ਤਹਿਸੀਲਦਾਰ ਤਰਨਤਾਰਨ ਸੁਖਬੀਰ ਕੌਰ ਨੂੰ ਨਿਲਾਮੀ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਤਹਿਸੀਲਦਾਰ ਸੁਖਬੀਰ ਕੌਰ ਆਪਣੀ ਟੀਮ ਨਾਲ ਪਿੰਡ ਪਲਾਸੌਰ ਵਿਖੇ ਉਕਤ ਜ਼ਮੀਨ ਦੀ ਨਿਲਾਮੀ ਕਰਵਾਉਣ ਪੁੱਜੇ ਤਾਂ ਇਸ ਦਾ ਵਿਰੋਧ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਵੱਲੋਂ ਤਹਿਸੀਲਦਾਰ ਦੀ ਗੱਡੀ ਅੱਗੇ ਜਿਥੇ ਧਰਨਾ ਦਿੱਤਾ ਗਿਆ ਉਥੇ ਉਨ੍ਹਾਂ ਨੂੰ ਮੌਕੇ ਉਤੇ ਤਿੰਨ ਘੰਟੇ ਤੱਕ ਬੰਧਕ ਬਣਾਈ ਰੱਖਿਆ।
ਤਹਿਸੀਲਦਾਰ ਸੁਖਬੀਰ ਕੌਰ ਨੇ ਦੱਸਿਆ ਕਿ ਕਿਸਾਨ ਮੌਕੇ ਉਤੇ ਕੋਈ ਵੀ ਰਸੀਦ ਨਹੀਂ ਵਿਖਾ ਸਕਿਆ ਉਲਟਾ ਉਸ ਨੂੰ ਬੰਧਕ ਬਣਾ ਕੇ ਤਿੰਨ ਘੰਟੇ ਪਰੇਸ਼ਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਕੀਤੇ ਇਸ ਵਰਤਾਓ ਸਬੰਧੀ ਜੱਜ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਰਿਪੋਰਟ ਤਿਆਰ ਕਰ ਕੇ ਭੇਜੀ ਜਾ ਰਹੀ ਹੈ।