ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਕੀਤਾ ਸੁਚੇਤ ਕਿਹਾ 911 ਦੀ ਦੁਰਵਰਤੋਂ ਨਾ ਕਰੋ

by

ਓਂਟਾਰੀਓ ਡੈਸਕ (Vikram Sehajpal) : ਬਰੈਂਪਟਨ ਅਤੇ ਮਿਸੀਸਾਗਾ ਦੇ ਲੋਕਾਂ ਨੂੰ ਪੀਲ ਰੀਜਨਲ ਪੁਲਿਸ ਨੇ ਇਕ ਵਾਰ ਫਿਰ ਸੁਚੇਤ ਕੀਤਾ ਹੈ ਕਿ 911 ਦੀ ਵਰਤੋਂ ਜ਼ਿੰਮੇਵਾਰੀ ਨਾਲ ਕੀਤੀ ਜਾਵੇ ਅਤੇ ਗ਼ੈਰਜ਼ਰੂਰੀ ਕਾਲਜ਼ ਨਾ ਕੀਤੀਆਂ ਜਾਣ। ਪੁਲਿਸ ਨੇ ਪਿਛਲੇ ਦਿਨੀਂ 911 'ਤੇ ਆਈ ਇਕ ਕਾਲ ਦਾ ਜ਼ਿਕਰ ਕੀਤਾ ਜਿਸ ਦੌਰਾਨ ਮਹਿਲਾ ਵੱਲੋਂ ਪੀਲ ਪੁਲਿਸ ਦੀ ਐਮਰਜੰਸੀ ਰਾਈਡ ਸੇਵਾ ਬਾਰੇ ਪੁੱਛਿਆ ਜਾ ਰਿਹਾ ਸੀ। ਮਹਿਲਾ ਨੇ ਉਸ ਵੇਲੇ ਹੱਦ ਹੀ ਕਰ ਦਿਤੀ ਜਦੋਂ ਰੇਲਵੇ ਸਟੇਸ਼ਨ ਪਹੁੰਚਣ ਵਿਚ ਹੋ ਰਹੀ ਦੇਰੀ ਵਾਸਤੇ ਪੁਲਿਸ ਨੂੰ ਜ਼ਿੰਮੇਵਾਰੀ ਠਹਿਰਾਉਣ ਲੱਗੀ। 

ਮਹਿਲਾ ਨੇ 911 'ਤੇ ਕਾਲ ਕਰਦਿਆਂ ਕਿਹਾ, ''ਮੈਂ ਨਹੀਂ ਜਾਣਦੀ ਤੁਸੀਂ ਕਿਵੇਂ ਕੰਮ ਕਰਦੇ ਹੋ? ਮੈਂ ਟੈਕਸੀ ਵਿਚ ਹਾਂ ਅਤੇ ਇਹ ਮੈਨੂੰ ਸਮੇਂ ਸਿਰ ਰੇਲਵੇ ਸਟੇਸ਼ਨ ਪਹੁੰਚਾਉਂਦੀ ਨਜ਼ਰ ਨਹੀਂ ਆ ਰਹੀ।'' ਇਸ ਮਗਰੋਂ ਮਹਿਲਾ ਨੇ ਪੁਲਿਸ ਅਫ਼ਸਰਾਂ ਨੂੰ ਸਵਾਲ ਕੀਤਾ ਕਿ ਕੀ ਤੁਹਾਡੇ ਕੋਲ ਐਮਰਜੰਸੀ ਰਾਈਡ ਸੇਵਾ ਉਪਲਬਧ ਹੈ। 

ਡਿਸਪੈਚਰ ਨੇ ਮਹਿਲਾ ਨੂੰ ਬੇਹੱਦ ਠਰੰਮੇ ਨਾਲ ਜਵਾਬ ਦਿਤਾ ਕਿ 911 'ਤੇ ਕਾਲ ਰਾਹੀਂ ਅਜਿਹੀ ਕੋਈ ਸੇਵਾ ਮੁਹੱਈਆ ਨਹੀਂ ਕਰਵਾਈ ਜਾਂਦੀ। ਪੀਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰੇਲਵੇ ਸਟੇਸ਼ਨ 'ਤੇ ਪਹੁੰਚਣ ਵਿਚ ਦੇਰ ਹੋਣ 'ਤੇ 911 ਕਾਲ ਨਾ ਕੀਤੀ ਜਾਵੇ ਅਤੇ ਹੰਗਾਮੀ ਹਾਲਾਤ ਵਿਚ ਹੀ ਪੁਲਿਸ ਨੂੰ ਸੱਦਿਆ ਜਾਵੇ।