SIT ‘ਚ ਵਿਜੈ ਪ੍ਰਤਾਪ ਦੀ ਵਾਪਸੀ ‘ਤੇ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ – ਬਾਦਲ

by mediateam

ਸ੍ਰੀ ਮੁਕਤਸਰ ਸਾਹਿਬ : ਲੋਕ ਸਭਾ ਚੋਣਾਂ ਦੌਰਾਨ ਵਿਵਾਦ ਦਾ ਕੇਂਦਰ ਰਹੇ ਕੁੰਵਰ ਵਿਜੈ ਪ੍ਰਤਾਪ ਸਿੰਘ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਨਾਲ ਫਿਰ ਜੁੜ ਗਏ ਹਨ। ਇਸ ਸਬੰਧੀ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਮੁਸਕਰਾਉਂਦੇ ਹੋਏ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਕਾਂਗਰਸ ਦਾ ਇੱਕੋ ਉਦੇਸ਼ ਹੈ ਕਿ ਉਨ੍ਹਾਂ ਖ਼ਿਲਾਫ਼ ਕੁਝ ਬੁਲਵਾਇਆ ਜਾਵੇ, ਪਰ ਸਾਨੂੰ ਉਨ੍ਹਾਂ ਦਾ ਕੋਈ ਡਰ ਨਹੀਂ ਹੈ। ਐੱਸਆਈਟੀ ਉਨ੍ਹਾਂ ਖ਼ਿਲਾਫ਼ ਕੁਝ ਵੀ ਕਰ ਦੇਵੇ ਉਹ ਨਾ ਤਾਂ ਜੇਲ੍ਹ ਤੋਂ ਡਰਦੇ ਹਨ ਤੇ ਨਾਂ ਹੀ ਕਿਸੇ ਹੋਰ ਤੋਂ।

ਜ਼ਿਕਰਯੋਗ ਹੈ ਕਿ ਅਕਤੂਬਰ 2015 ਵਿਚ ਫ਼ਰੀਦਕੋਟ ਦੇ ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਹਿਬਲਕਲਾਂ ਅਤੇ ਕੋਟਕਪੂਰਾ ਵਿਚ ਸਿੱਖਾਂ ਨੇ ਪ੍ਰਦਰਸ਼ਨ ਕੀਤਾ ਸੀ। ਬਹਿਬਲਕਲਾਂ ਵਿਚ ਪੁਲਿਸ ਫਾਇਰਿੰਗ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ, ਜਦਕਿ ਗ੍ਰਹਿ ਵਿਭਾਗ ਸੁਖਬੀਰ ਸਿੰਘ ਬਾਦਲ ਕੋਲ ਸੀ। ਕੁੰਵਰ ਵਿਜੈ ਪ੍ਰਤਾਪ ਇਸ ਦੀ ਜਾਂਚ ਲਈ ਬਣੀ SIT ਦੇ ਮੈਂ ਬਰ ਹਨ। ਚੋਣਾਂ ਦੌਰਾਨ ਕੁੰਵਰ ਵਿਜੈ ਪ੍ਰਤਾਪ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨੇ 'ਤੇ ਰਹੇ ਸਨ। ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੁੰਵਰ ਵਿਜੈ ਪ੍ਰਤਾਪ 'ਤੇ ਤਿੱਖਾ ਹਮਲਾ ਬੋਲਿਆ ਸੀ।

ਇਸ ਕਾਰਨ ਪੰਜਾਬ ਸਰਕਾਰ ਨੇ ਮਜੀਠੀਆ 'ਤੇ ਮਾਣਹਾਨੀ ਦਾ ਕੇਸ ਵੀ ਕੀਤਾ ਹੋਇਆ ਹੈ।ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਦਾ ਧੰਨਵਾਦ ਕਰਨ ਲਈ ਪਿੰਡਾਂ ਵਿਚ ਪਹੁੰਚੇ ਬਾਦਲ ਨੇ ਕੈਪਟਨ 'ਤੇ ਬਦਲਾਖੋਰੀ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਉਹ ਅਜਿਹਾ ਪਹਿਲਾਂ ਵੀ ਕਰਦੇ ਸਨ। ਬਾਦਲ ਨੇ ਕਿਹਾ ਕਿ ਸੂਬੇ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਜਿਸ ਕਾਰਨ ਸੂਬੇ ਵਿਚ ਰੋਜ਼ਾਨਾ ਘਟਨਾਵਾਂ ਹੋ ਰਹੀਆਂ ਹਨ। ਪਿੰਡ ਵਾਸੀਆਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਪਾਕਿਸਤਾਨ ਵਿਚ ਗੁਰੂ ਨਾਨਕ ਨਿਵਾਸ ਗੁਰਦੁਆਰਾ ਸਾਹਿਬ ਢਾਹੁਣ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਬਾਰੇ ਕਿਹਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਅਜਿਹਾ ਕੀਤਾ, ਬਹੁਤ ਗ਼ਲਤ ਕੀਤਾ, ਉਨ੍ਹਾਂ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਸੂਬਾ ਪੱਧਰ 'ਤੇ ਇਸ ਦਾ ਹੱਲ ਨਹੀਂ ਹੋ ਸਕਦਾ।

ਉਹ ਦਿੱਲੀ ਜਾਣਗੇ ਜਿੱਥੇ ਉਹ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ।ਬਿਜਲੀ ਦੀਆਂ ਕੀਮਤਾਂ ਵਧਾਉਣ ਸਬੰਧੀ ਬਾਦਲ ਨੇ ਕਿਹਾ ਕਿ ਅਸੀਂ ਤਾਂ ਆਪਣੀ ਸਰਕਾਰ ਵਿਚ ਬਿਜਲੀ ਸਰਪਲੱਸ ਕੀਤੀ ਸੀ। ਇਸ ਵਿਚ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਛੱਡੀ ਸੀ, ਪਰ ਕਾਂਗਰਸ ਕੋਲ ਕੋਈ ਜ਼ਿੰਮੇਵਾਰ ਵਿਅਕਤੀ ਹੀ ਨਹੀਂ ਹੈ ਜੋ ਇਨ੍ਹਾਂ ਸਭ ਨੂੰ ਸੰਭਾਲ ਸਕੇ। ਜਿਸ ਕਾਰਨ ਇਹ ਸਭ ਕੁਝ ਹੋ ਰਿਹਾ ਹੈ। ਮੰਗਲਵਾਰ ਨੂੰ ਬਾਦਲ ਨੇ ਪਿੰਡ ਭੀਟੀਵਾਲਾ, ਰੋਡਾਂਵਾਲੀ, ਫਤੂਹੀਖੇੜਾ, ਸਿਖਵਾਲਾ, ਪੰਜਾਵਾ, ਲੰਬੀ, ਖਿਓਵਾਲੀ ਤੇ ਬਾਦਲ ਵਿਚ ਵੋਟਰਾਂ ਦਾ ਧੰਨਵਾਦ ਕੀਤਾ।