ਨਿਊਜ਼ ਡੈਸਕ (ਜਸਕਮਲ) : ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ "ਬਹੁਤ ਹੀ ਸ਼ਾਨਦਾਰ ਕੰਮ" ਕੀਤਾ ਹੈ ਤੇ ਪਾਰਟੀ ਦੇ ਮੁੜ ਸੱਤਾ 'ਚ ਆਉਣ ਤੋਂ ਬਾਅਦ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਬਣੇ ਰਹਿਣ 'ਤੇ ਸਵਾਲ ਉਠਾਉਣਾ ਆਤਮਘਾਤੀ ਹੋ ਸਕਦਾ ਹੈ। ਰਾਜ ਸਰਕਾਰ ਦੇ ਕੈਬਨਿਟ ਮੰਤਰੀ ਰਾਣਾ ਨੇ ਇਕ ਬਿਆਨ 'ਚ ਕਿਹਾ, “ਪੰਜਾਬ 'ਚ ਕਾਂਗਰਸ ਲਈ ਮੁੱਖ ਮੰਤਰੀ ਅਹੁਦੇ ਦਾ ਮੁੱਦਾ ਤਿੰਨ ਮਹੀਨੇ ਪਹਿਲਾਂ ਹੀ ਸੁਲਝ ਗਿਆ ਸੀ ਤੇ ਇਸ ਬਾਰੇ ਹੋਰ ਕਿਸੇ ਬਹਿਸ ਜਾਂ ਵਿਚਾਰ-ਵਟਾਂਦਰੇ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ, ''ਜਦੋਂ ਤੁਹਾਡੇ ਕੋਲ ਪਹਿਲਾਂ ਹੀ ਮੁੱਖ ਮੰਤਰੀ ਹੈ, ਜੋ ਵਧੀਆ ਕੰਮ ਕਰ ਰਿਹਾ ਹੈ, ਤਾਂ ਚੋਣਾਂ ਜਿੱਤਣ ਤੋਂ ਬਾਅਦ ਉਸ ਦੇ ਬਣੇ ਰਹਿਣ 'ਤੇ ਸਵਾਲੀਆ ਨਿਸ਼ਾਨ ਕਿਉਂ ਲਾਇਆ ਜਾ ਰਿਹਾ ਹੈ। ਸ. ਚੰਨੀ ਨੂੰ ਚੋਣਾਂ 'ਚ ਪਾਰਟੀ ਦੀ ਅਗਵਾਈ ਕਰਨਾ ਤੇ ਫਿਰ ਭਵਿੱਖ 'ਚ ਉਨ੍ਹਾਂ ਦੇ ਅਹੁਦੇ ਬਾਰੇ ਦੁਬਿਧਾ ਬਣਾਈ ਰੱਖਣਾ ਉਨ੍ਹਾਂ ਨਾਲ ਬੇਇਨਸਾਫ਼ੀ ਹੋਵੇਗੀ। ਉਨ੍ਹਾਂ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਪਾਰਟੀ ਦੇ ਹਿੱਤ 'ਚ ਚੰਨੀ ਦੀ ਸਥਿਤੀ ਸਪੱਸ਼ਟ ਕਰ ਕੇ ਸਾਰੀਆਂ ਅਟਕਲਾਂ 'ਤੇ ਰੋਕ ਲਗਾਈ ਜਾਵੇ।