ਚੰਡੀਗੜ੍ਹ (ਦੇਵ ਇੰਦਰਜੀਤ) : ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਹੀ ਸਰਕਾਰ ’ਤੇ ਭੜਾਸ ਕੱਢਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਲਾਲੀਪਾਪ ਆਖਰੀ ਚਾਰ-ਪੰਜ ਮਹੀਨਿਆਂ ਵਿਚ ਹੀ ਕਿਉਂ ਦਿੱਤੇ ਜਾ ਰਹੇ ਹਨ। ਪਹਿਲਾਂ ਸਾਢੇ ਚਾਰ ਸਾਲਾਂ ਵਿਚ ਕਿਉਂ ਨਹੀਂ ਲਾਭ ਦਿੱਤਾ ਗਿਆ। ਪੇ ਕਮਿਸ਼ਨ ਹੁਣ ਕਿਉਂ ਦਿੱਤਾ ਜਾ ਰਿਹਾ ਹੈ। ਇਹ ਸਿਰਫ਼ ਇਸ ਲਈ ਹੋ ਰਿਹਾ ਹੈ ਕਿਉਂਕਿ ਨੀਅਤ ਅਤੇ ਨੀਤੀ ਨਹੀਂ ਹੈ।
ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪੰਜਾਬ ਮਾਡਲ ਵਿਚ ਸਾਰੇ ਮਸਲਿਆਂ ਦਾ ਹੱਲ ਹੈ। ਖਾਸ ਤੌਰ ’ਤੇ ਖਜ਼ਾਨਾ ਕਿਵੇਂ ਭਰਨਾ ਹੈ। ਇਸ ਦੀ ਗੱਲ ਕੀਤੀ ਗਈ ਹੈ ਕਿਉਂਕਿ ਪੰਜਾਬ ਦੀ ਹਰ ਸਮੱਸਿਆ ਦਾ ਹੱਲ ਆਮਦਨ ਹੈ। ਪੰਜਾਬ ’ਤੇ ਮੌਜੂਦਾ ਸਮੇਂ ਵਿਚ ਕਰਜੇ ਦਾ ਬੋਝ ਵਧਦਾ ਜਾ ਰਿਹਾ ਹੈ, ਜਿਸਦੇ ਚਲਦੇ ਮਸਲੇ ਸੁਲਝ ਨਹੀਂ ਪਾ ਰਹੇ ਹਨ।
ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੈ। ਸਿਸਟਮ ਦਾ ਵਿਰੋਧ ਉਨ੍ਹਾਂ ਨੂੰ ਚੰਗਾ ਲੱਗਦਾ ਹੈ ਕਿਉਂਕਿ ਸੰਘਰਸ਼ ਹੀ ਉਨ੍ਹਾਂ ਦਾ ਗਹਿਣਾ ਹੈ। ਉਨ੍ਹਾਂ ਦਾ ਸੰਘਰਸ਼ ਬੇਰੋਜ਼ਗਾਰਾਂ ਲਈ ਹੈ। ਕਿਸਾਨਾਂ ਲਈ ਹੈ। ਪੰਜਾਬ ਮਾਡਲ ਸੂਬੇ ਵਿਚ 4-5 ਕਾਰਪੋਰੇਸ਼ਨ ਬਣਾਉਣ ਦੀ ਗੱਲ ਕਰਦਾ ਹੈ। ਸ਼ਰਾਬ ’ਤੇ ਕਾਰਪੋਰੇਸ਼ਨ ਬਣੇ। ਸ਼ਰਾਬ ਫੈਕਟਰੀਆਂ ਸਰਕਾਰ ਚਲਾਵੇ।
ਤਾਮਿਲਨਾਡੂ ਵਿਚ 60-70 ਹਜ਼ਾਰ ਲੋਕਾਂ ਨੂੰ ਸਰਕਾਰੀ ਨੌਕਰੀ ਮਿਲਦੀ ਹੈ। ਇਹ ਇੱਥੇ ਕਿਉਂ ਨਹੀਂ ਹੁੰਦਾ। ਇਕੱਲੇ ਇੱਕ ਮਹਿਕਮੇ ਤੋਂ ਇੰਨਾ ਪੈਸਾ ਕਮਾ ਸਕਦੇ ਹਾਂ ਕਿ ਆਮਦਨ ਨਾਲ ਰੋਜ਼ਗਾਰ ਮਿਲ ਸਕਦਾ ਹੈ। ਇਸੇ ਤਰ੍ਹਾਂ ਰੇਤ ਦਾ ਮਸਲਾ ਹੈ, ਜਿਸ ’ਤੇ ਜੇਕਰ ਕੰਮ ਕੀਤਾ ਜਾਵੇ ਤਾਂ ਮਾਫੀਆ ਰਾਜ ਦਾ ਅੰਤ ਹੋ ਸਕਦਾ ਹੈ। ਉਥੇ ਹੀ, ਕੇਬਲ ਨੀਤੀ ਤੋਂ ਚੰਗੀ ਧਨਰਾਸ਼ੀ ਮਿਲ ਸਕਦੀ ਹੈ। ਸਿੱਧੂ ਨੇ ਕਿਹਾ ਕਿ ਖੇਤੀ ਖੇਤਰ ਨੂੰ ਬਿਊਰੋਕਰੇਸੀ ’ਚੋਂ ਕੱਢ ਕੇ ਕੋਆਪਰੇਟਿਵ ਸਿਸਟਮ ਵਿਚ ਲਿਆਂਦਾ ਜਾਣਾ ਚਾਹੀਦਾ ਹੈ। ਫਸਲਾਂ ਦੀ ਵਿਭਿੰਨਤਾ ਹੋਣੀ ਚਾਹੀਦੀ ਹੈ।
ਜੋ ਪੰਜਾਬ ਖਾਂਦਾ ਹੈ, ਉਸ ਨੂੰ ਪੈਦਾ ਕੀਤਾ ਜਾਵੇ। ਪੰਜਾਬ ਖੇਤੀ ਖੇਤਰ ਲਈ 13 ਹਜ਼ਾਰ ਕਰੋੜ ਰੁਪਏ ਦਾ ਬਜਟ ਦਿੰਦਾ ਹੈ। 7 ਹਜ਼ਾਰ ਕਰੋੜ ਬਿਜਲੀ ਸਬਸਿਡੀ ਵਿਚ ਚਲਿਆ ਜਾਂਦਾ ਹੈ। 4 ਹਜ਼ਾਰ ਕਰੋੜ ਤਨਖਾਹ ਵਿਚ ਨਿਕਲ ਜਾਂਦਾ ਹੈ। ਸਿੱਧੂ ਨੇ ਇੱਕ ਵਾਰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਸ਼ੇ ਦਾ ਮਸਲਾ ਚੁੱਕਦੇ ਹੋਏ ਕਿਹਾ ਕਿ ਇਨਸਾਫ ਮਿਲਣਾ ਚਾਹੀਦਾ ਹੈ। ਇਹ ਸਭ ਲਾਅ ਐਂਡ ਆਰਡਰ ਨਾਲ ਜੁੜੇ ਮਸਲੇ ਹਨ।