ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮੁੱਦੇ ਉਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸਮੁਹ ਐਸ.ਜੀ.ਪੀ.ਸੀ, ਕਿਸਾਨ ਯੂਨੀਅਨਾਂ ਅਤੇ ਸਿਆਸੀ ਜਮਾਤਾਂ ਚੁੱਪ ਕਿਉਂ : ਭਾਈ ਅਤਲਾ, ਬੀਬੀ ਅਤਲਾ
ਮਾਨਸਾ ( ਐਨ.ਆਰ.ਆਈ. ਮੀਡਿਆ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਅਤੇ ਅਕਾਲੀ ਦਲ (ਅੰਮ੍ਰਿਤਸਰ) ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਸੁਖਜੀਤ ਕੌਰ ਅਤਲਾ ਨੇ ਸਿੱਖ ਸੰਸਥਾਵਾਂ ਦੇ ਉੱਚ ਰੁਤਬਿਆ ਉਤੇ ਬੈਠੀਆ ਸਖਸ਼ੀਅਤਾਂ, ਸਿੱਖ ਸੰਗਠਨਾਂ ਅਤੇ ਵੱਖ-ਵੱਖ ਸਿਆਸੀ ਜਮਾਤਾਂ ਦੇ ਮੁੱਖੀਆਂ ਨੂੰ ਇਸ ਗੰਭੀਰ ਵਿਸ਼ੇ ਉਤੇ ਚੁੱਪ ਰਹਿਣ ਉਤੇ ਜੋਰਦਾਰ ਪ੍ਰਤੀਕਰਮ ਜਾਹਰ ਕਰਦੇ ਹੋਏ ਪੁੱਛਿਆ।
ਉਨ੍ਹਾਂ ਕਿਹਾ ਕਿ ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਸਰਬੱਤ ਦਾ ਭਲਾ ਲੋੜਨ ਦਾ ਸੰਦੇਸ਼ ਦੇਣ ਵਾਲੇ, ਹਰ ਦੀਨ-ਦੁੱਖੀ, ਮਜ਼ਲੂਮ, ਬੇਸਹਾਰਾ, ਯਤੀਮਾ ਦੀ ਔਕੜ ਦੀ ਘੜੀ ਵਿਚ ਸਹਿਯੋਗ ਦੇਣ ਦਾ ਹੁਕਮ ਕਰਨ ਵਾਲੇ ਇਨਸਾਨੀਅਤ ਪੱਖੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆ ਨੂੰ ਪਾੜਕੇ ਰੂੜੀਆ ਉਤੇ ਸੁੱਟਣ ਅਤੇ ਇਸ ਮਹਾਨ ਗ੍ਰੰਥ ਨੂੰ ਅਪਮਾਨ ਕਰਨ ਦੇ ਦੁਖਾਂਤ ਨੂੰ ਵਾਪਰੇ ਅੱਜ 6 ਸਾਲ ਦਾ ਸਮਾਂ ਹੋ ਚੁੱਕਿਆ ਹੈ । ਜਦੋਂ ਵੱਡੀ ਜਾਂਚ ਅਤੇ ਮਿਹਨਤ ਤੋਂ ਬਾਅਦ ਸਿੱਟ ਨੇ ਸੱਚ ਨੂੰ ਸਾਹਮਣੇ ਲਿਆਕੇ ਰੱਖ ਦਿੱਤਾ ਹੈ ਅਤੇ ਇਸ ਰਿਪੋਰਟ ਅਨੁਸਾਰ ਅਦਾਲਤਾਂ ਅਤੇ ਸਰਕਾਰਾਂ ਵੱਲੋਂ ਸੰਜ਼ੀਦਗੀ ਨਾਲ ਅਮਲ ਕਰਨਾ ਬਣਦਾ ਹੈ, ਤਾਂ ਪੰਜਾਬ-ਹਰਿਆਣਾ ਹਾਈਕੋਰਟ ਦੇ ਹਕੂਮਤ ਪੱਖੀ ਜੱਜ ਰਾਜਵੀਰ ਸੇਰਾਵਤ ਨੇ ਹਕੂਮਤੀ ਪ੍ਰਭਾਵ ਨੂੰ ਪ੍ਰਵਾਨ ਕਰਦਿਆ ਅਤੇ ਸਿਆਸਤਦਾਨਾਂ ਦੀਆਂ ਇਛਾਵਾ ਦੀ ਪੂਰਤੀ ਕਰਦੇ ਹੋਏ ਇਸ ਸੱਚੀ ਜਾਂਚ ਰਿਪੋਰਟ ਨੂੰ ਰੱਦ ਕਰਨ ਦੀ ਗੈਰ-ਕਾਨੂੰਨੀ, ਗੈਰ-ਦਲੀਲ ਗੱਲ ਕਰਕੇ ਸਮੁੱਚੇ ਸਿੱਖ ਹਿਰਦਿਆ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਗਿਆ ਹੈ । ਜਸਟਿਸ ਰਾਜਵੀਰ ਸੇਰਾਵਤ ਨੇ ਅਜਿਹਾ ਕਰਦੇ ਹੋਏ ਸੁਪਰੀਮ ਕੋਰਟ ਦੇ ਉਨ੍ਹਾਂ ਹੁਕਮਾਂ ਅਤੇ ਫੈਸਲਿਆ ਨੂੰ ਵੀ ਨਜਰ ਅੰਦਾਜ ਕਰ ਦਿੱਤਾ ਜਿਸ ਅਨੁਸਾਰ ਸੁਪਰੀਮ ਕੋਰਟ ਕਹਿੰਦੀ ਹੈ ਕਿ ਪੁਲਿਸ ਦੀਆਂ ਜਾਂਚ ਰਿਪੋਰਟਾਂ ਅਤੇ ਤਫ਼ਤੀਸ ਰਿਪੋਰਟਾਂ ਨੂੰ ਕੋਈ ਅਦਾਲਤ ਜਾਂ ਜੱਜ ਰੱਦ ਨਹੀਂ ਕਰ ਸਕਦੀ। ਫਿਰ ਜਸਟਿਸ ਸੇਰਾਵਤ ਨੇ ਅਜਿਹਾ ਕਰਦੇ ਹੋਏ ਕੋਈ ਕਾਰਨ ਜਾਂ ਦਲੀਲ ਹੀ ਨਹੀਂ ਦਿੱਤੀ ਜਿਸ ਅਨੁਸਾਰ ਇਹ ਸਿੱਟ ਦੀ ਰਿਪੋਰਟ ਨੂੰ ਉਨ੍ਹਾਂ ਰੱਦ ਕੀਤਾ ਹੈ ।
ਜਦੋਂ ਹੁਕਮਰਾਨ, ਪੁਲਿਸ ਅਫ਼ਸਰਸ਼ਾਹੀ, ਸਿਆਸਤਦਾਨ, ਇਨਸਾਫ਼ ਦੇਣ ਵਾਲੀਆ ਅਦਾਲਤਾਂ ਅਤੇ ਜੱਜ ਇਕਮਿਕ ਹੋ ਗਏ ਹਨ ਤਾਂ ਸਿੱਖ ਕੌਮ ਨਾਲ ਸੰਬੰਧਤ ਸਭ ਧਾਰਮਿਕ, ਸਮਾਜਿਕ, ਰਾਜਨੀਤਿਕ ਸੰਗਠਨਾਂ, ਸਿੱਖ ਲੀਡਰਸਿ਼ਪ, ਐਸ.ਜੀ.ਪੀ.ਸੀ, ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਦਮਦਮੀ ਟਕਸਾਲ, ਸੰਤ-ਮਹਾਪੁਰਖ, ਸਿੱਖ ਸਟੂਡੈਟਸ ਫੈਡਰੇਸ਼ਨਾਂ, ਕਿਸਾਨ ਯੂਨੀਅਨਾਂ ਅਤੇ ਹਰ ਇਨਸਾਫ਼ ਦੀ ਇੱਛਾ ਰੱਖਣ ਵਾਲੇ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਇਕ ਸੈਲਾਬ ਦੇ ਰੂਪ ਵਿਚ ਹੁਕਮਰਾਨਾਂ ਦੇ ਇਸ ਫੈਸਲੇ ਵਿਰੁੱਧ ਸੜਕਾਂ ਉਤੇ ਉਤਰ ਆਉਣ ਅਤੇ ਇਸ ਦਾ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਵਿਰੋਧ ਕਰਦੇ ਹੋਏ ਰੋਸ਼ ਦਰਜ ਕਰਵਾਉਣ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀ ਭਾਵੇ ਉਹ ਕਿੰਨੇ ਵੀ ਉੱਚ ਅਹੁਦੇ ਤੇ ਕਿਉਂ ਨਾ ਬਿਰਾਜਮਾਨ ਹੋਵੇ, ਉਸਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਮਿਲ ਸਕੇ ਅਤੇ ਕੋਈ ਵੀ ਤਾਕਤ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਅਜਿਹਾ ਅਤਿ ਸ਼ਰਮਨਾਕ ਵਰਤਾਰਾ ਨਾ ਕਰ ਸਕੇ । ਇਸ ਮੌਕੇ ਬੀਬੀ ਅਤਲਾ ਨੇ ਉਪਰੋਕਤ ਸਭ ਸਖਸ਼ੀਅਤਾਂ ਅਤੇ ਸੰਗਠਨਾਂ ਦੇ ਮੁੱਖੀਆਂ ਦੀ ਆਤਮਾ ਨੂੰ ਝਿਜੋੜਦੇ ਹੋਏ ਕਿਹਾ ਕਿ ਜਿਸ ਅਕਾਲ ਪੁਰਖ ਗੁਰੂ ਸਾਹਿਬ ਨੇ ਸਾਨੂੰ ਇਹ ਸਰੀਰ ਤੇ ਸਵਾਸ ਬਖਸਿ਼ਸ਼ ਕੀਤੇ ਹਨ, ਉਸ ਗੁਰੂ ਸਾਹਿਬ ਜੀ ਦੇ ਅਪਮਾਨਿਤ ਹੋਣ ਤੇ ਵੀ ਜੇਕਰ ਸਾਡੀਆ ਜ਼ਮੀਰਾਂ ਤੇ ਅਣਖ ਨਹੀਂ ਜਾਗਦੀ ਜਾਂ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਆਵਾਜ਼ ਨਹੀਂ ਉਠਾਉਦੇ ਤਾਂ ਇਨ੍ਹਾਂ ਸਰੀਰਾਂ ਨੂੰ ਲੋਥਾ ਤੋਂ ਵੱਧ ਕੁਝ ਨਹੀਂ ਕਿਹਾ ਜਾ ਸਕਦਾ । ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਟਕਸਾਲ ਨੂੰ ਇਸ ਲਈ ਹੋਂਦ ਵਿਚ ਲਿਆਂਦਾ ਸੀ ਕਿ ਉਹ ਇਕ ਤਾਂ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਮਨੁੱਖਤਾ ਪੱਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ, ਬਾਣੇ ਅਤੇ ਮਕਸਦਾਂ ਦਾ ਹਰ ਤਰਫ ਪ੍ਰਚਾਰ ਤੇ ਪ੍ਰਸਾਰ ਹੋ ਸਕੇ, ਦੂਸਰਾ ਜਦੋਂ ਵੀ ਕੋਈ ਹੁਕਮਰਾਨ, ਤਾਕਤ ਦੇ ਨਸ਼ੇ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦੇਸ਼ਾਂ ਵਿਰੁੱਧ ਅਮਲ ਕਰੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਠੇਸ ਪਹੁੰਚਾਏ ਤਾਂ ਇਸ ਦਮਦਮੀ ਟਕਸਾਲ ਦੇ ਗੁਰੂ ਨੂੰ ਸਮਰਪਿਤ ਸਿੱਖ ਇਸਦੀ ਰੱਖਿਆ ਕਰ ਸਕਣ । ਇਥੇ ਇਹ ਵੀ ਜਾਣਕਾਰੀ ਦੇਣਾ ਜ਼ਰੂਰੀ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਅਤੇ ਸ਼ਹੀਦ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਹੀ ਟਕਸਾਲ ਦੀਆਂ ਜਿ਼ੰਮੇਵਾਰੀਆਂ ਨੂੰ ਪੂਰਨ ਕੀਤਾ, ਜਿਨ੍ਹਾਂ ਉਤੇ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਅਤੇ ਮਨੁੱਖਤਾ ਨੂੰ ਫਖ਼ਰ ਰਹੇਗਾ ।
ਪਰ ਦੁੱਖ ਅਤੇ ਅਫ਼ਸੋਸ ਹੈ ਕਿ ਅੱਜ ਇਹ ਦਮਦਮੀ ਟਕਸਾਲ ਅਤੇ ਇਸਦੇ ਮੁੱਖ ਸੇਵਾਦਾਰ ਬਾਬਾ ਧੂੰਮਾ ਜੀ ਤੇ ਦੂਸਰੀਆਂ ਟਕਸਾਲਾਂ ਆਪਣੇ ਫਰਜਾਂ ਨੂੰ ਪੂਰਨ ਕਰਨ ਤੋਂ ਅਵੇਸਲੇ ਹੋਏ ਪਏ ਹਨ । ਜੋ ਹੋਰ ਵੀ ਦੁੱਖਦਾਇਕ ਵਰਤਾਰਾ ਹੈ । ਸ. ਮਾਨ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਕੰਵਰਵਿਜੇ ਪ੍ਰਤਾਪ ਸਿੰਘ ਦੀ ਸਿੱਟ ਵੱਲੋ ਜਿਨ੍ਹਾਂ ਸਿਆਸਤਦਾਨਾਂ ਅਤੇ ਪੁਲਿਸ ਅਫ਼ਸਰਾਂ ਦੇ ਨਾਮ ਤੱਥਾਂ ਸਹਿਤ ਦੋਸ਼ੀਆਂ ਦੀ ਸੂਚੀ ਵਿਚ ਲਿਆਂਦੇ ਹਨ, ਉਨ੍ਹਾਂ ਉਤੇ ਪੰਜਾਬ ਸਰਕਾਰ ਤੁਰੰਤ ਪਰਚੇ ਦਰਜ ਕਰਕੇ ਕਾਨੂੰਨੀ ਕਾਰਵਾਈ ਕਰੇ ਤੇ ਇਸਦੇ ਨਾਲ ਹੀ ਇਸ ਜਾਂਚ ਰਿਪੋਰਟ ਨੂੰ ਪੰਜਾਬ ਨਿਵਾਸੀਆ ਦੀ ਵਾਕਫੀਅਤ ਲਈ ਪ੍ਰੈਸ ਵਿਚ ਜਨਤਕ ਕੀਤਾ ਜਾਵੇ । ਤਾਂ ਕਿ ਪੰਜਾਬ ਨਿਵਾਸੀਆ ਤੇ ਸਿੱਖ ਕੌਮ ਇਹ ਫੈਸਲਾ ਕਰ ਸਕੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੌਣ ਸੁਹਿਰਦ ਹੈ ਅਤੇ ਕੌਣ ਇਨ੍ਹਾਂ ਦੋਸ਼ੀਆਂ ਨੂੰ ਬਚਾਉਣ ਵਿਚ ਸਾਜਿ਼ਸਾਂ ਕਰ ਰਿਹਾ ਹੈ । ਫਿਰ ਸਿੱਖ ਕੌਮ ਆਪਣੀਆ ਮਰਿਯਾਦਾਵਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲਿਆ ਨਾਲ ਸਿੰਝ ਸਕੇ ।