ਚੰਡੀਗੜ੍ਹ (ਦੇਵ ਇੰਦਰਜੀਤ) : ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਣਾਉਣ ਦਾ ਫੈਸਲਾ ਤਾਂ ਕਾਫ਼ੀ ਦਿਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਪਰ ਉਨ੍ਹਾਂ ਵਲੋਂ ਮੰਗਲਵਾਰ ਨੂੰ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਇਸ ਸਬੰਧੀ ਐਲਾਨ ਕਰਨ ਦੇ ਕਿਆਸ ਲਗਾਏ ਜਾ ਰਹੇ ਹਨ।
ਜਿਸ ਦੇ ਮੱਦੇਨਜ਼ਰ ਵੱਡਾ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ ਕੈਪਟਨ ਨਾਲ ਕਿਹੜਾ ਕਾਂਗਰਸੀ ਨਵੀਂ ਪਾਰਟੀ ਦਾ ਹਿੱਸਾ ਬਣਨਗੇ ਕਿਉਂਕਿ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ ਕੈਪਟਨ ਖੁਦ ਤਾਂ ਕਾਂਗਰਸ ਹਾਈਕਮਾਨ ਅਤੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਜਮ ਕੇ ਭੜਾਸ ਕੱਢ ਰਹੇ ਹਨ ਪਰ ਕਿਸੇ ਵੱਡੇ ਕਾਂਗਰਸ ਨੇਤਾ ਨੇ ਕੈਪਟਨ ਦੇ ਹੱਕ ’ਚ ਆਵਾਜ਼ ਬੁਵੰਦ ਨਹੀਂ ਕੀਤੀ ਹੈ।
ਕੈਪਟਨ ਦੇ ਕਈ ਕਰੀਬੀ ਵਿਧਾਇਕ ਬੀ. ਜੇ. ਪੀ. ਨਾਲ ਜਾਣ ਦੇ ਮੁੱਦੇ ’ਤੇ ਉਨ੍ਹਾਂ ਖ਼ਿਲਾਫ਼ ਬੋਲਣ ਤੋਂ ਗੁਰੇਜ ਨਹੀਂ ਕਰ ਰਹੇ ਅਤੇ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਧੂ ਦੇ ਖੇਮੇ ’ਚ ਨਜ਼ਰ ਆ ਰਹੇ ਹਨ।
ਇਸੇ ਤਰ੍ਹਾਂ ਕੈਬਨਿਟ ਤੋਂ ਹਟਾਏ ਗਏ ਜਾਂ ਮੰਤਰੀ ਨਾ ਬਣਨ ਤੋਂ ਨਾਰਾਜ਼ ਜ਼ਿਆਦਾਤਰ ਵਿਧਾਇਕਾਂ ਨੂੰ ਮਨਾਉਣ ’ਚ ਵੀ ਮੁੱਖ ਮੰਤਰੀ ਚੰਨੀ ਕਾਮਯਾਬ ਹੋ ਗਏ ਹਨ, ਜਿਸ ਦੇ ਬਾਵਜੂਦ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ’ਤੇ ਟਿੱਕੀਆਂ ਹੋਈਆਂ ਹਨ ਜੋ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਤੋਂ ਬਗਾਵਤ ਕਰਕੇ ਕੈਪਟਨ ਨਾਲ ਜਾਣ ਦੇ ਲਈ ਤਿਆਰ ਬੈਠੇ ਹੋਏ ਹਨ।