ਵੁਹਾਨ (ਦੇਵ ਇੰਦਰਜੀਤ)- ਵਰਲਡ ਹੈਲਥ ਆਰਗੇਨਾਈਜ਼ੇਸ਼ਨ ( ਡਬਲਿਊਐਚਓ ) ਦੀ ਟੀਮ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਦਾ ਪਤਾ ਲਾਉਣ ਲਈ ਵੁਹਾਨ ਗਈ ਹੋਈ ਹੈ। ਕੋਵਿਡ-19 ਨਿਯਮਾਂ ਦੇ ਪਾਲਣਾ ਕਰਦੇ ਹੋਏ ਡਬਲਿਊਐਚਓ ਦੀ ਟੀਮ ਨੂੰ 14 ਦਿਨ ਕੁਆਰਨਟੀਨ ਕੀਤਾ ਗਿਆ ਸੀ ਜਿਸਦਾ ਸਮਾਂ 28 ਜਨਵਰੀ ਨੂੰ ਮੁੱਕ ਗਿਆ ਹੈ। ਜਿਸਦੇ ਚਲੇ ਡਬਲਿਊਐਚਓ ਦੀ ਟੀਮ ਨੇ ਸੁ਼ੱਕਰਵਾਰ ਨੂੰ ਵੁਹਾਨ ਦੇ ਉਸ ਹਸਪਤਾਲ ਦਾ ਦੌਰਾ ਕੀਤਾ ਜਿੱਥੇ ਸੱਭ ਤੋਂ ਪਹਿਲਾਂ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ।
ਜਿ਼ਕਰਯੋਗ ਹੈ ਕਿ ਕਰੋਨਾਵਾਇਰਸ ਦੇ ਮੂਲ ਦਾ ਪਤਾ ਲਾਉਣ ਲਈ ਡਬਲਿਊਐਚਓ ਦੀ ਟੀਮ ਇਸ ਸਮੇਂ ਚੀਨ ਦੇ ਵੁਹਾਨ ਸ਼ਹਿਰ ਵਿੱਚ ਹੈ। ਡਬਲਿਊਐਚਓ ਦੀ ਟੀਮ ਦੇ ਮੈਂਬਰਾਂ ਤੇ ਚੀਨੀ ਅਧਿਕਾਰੀਆਂ ਨੇ ਸੱਭ ਤੋਂ ਪਹਿਲਾਂ ਇੱਕ ਮੀਟਿੰਗ ਹੋਟਲ ਵਿੱਚ ਕੀਤੀ। ਇਸ ਤੋਂ ਬਾਅਦ ਟੀਮ ਨੂੰ ਵੁਹਾਨ ਦੇ ਫੀਲਡ ਵਿਜਿ਼ਟ ਲਿਜਾਇਆ ਗਿਆ। ਬਾਅਦ ਵਿੱਚ ਸਾਰੇ ਟੀਮ ਮੈਂਬਰ ਕਾਰ ਰਾਹੀਂ ਹੁਬੇੋਈ ਪ੍ਰੋਵਿੰਸ ਦੇ ਇੰਟੇਗ੍ਰੇਟਿਡ ਚਾਈਨੀਜ਼ ਤੇ ਵੈਸਟਰਨ ਮੈਡੀਸਿਨ ਹਸਪਤਾਲ ਪਹੁੰਚੇ। ਇਹ ਉਹ ਥਾਂ ਹੈ ਜਿੱਥੇ ਸੱਭ ਤੋਂ ਪਹਿਲੀ ਆਊਟਬ੍ਰੇਕ ਹੋਈ ਸੀ, ਇੱਥੇ 27 ਦਸੰਬਰ, 2019 ਨੂੰ ਪਹਿਲਾ ਵਿਲੱਖਣ ਮਾਮਲਾ ਮਿਲਿਆ ਸੀ ਜਿਸ ਨੂੰ ਅਣਪਛਾਤੇ ਮੂਲ ਦਾ ਨਿਮੋਨੀਆ ਆਖਿਆ ਗਿਆ ਸੀ।
ਡਬਲਿਊਐਚਓ ਨੇ ਵਿਸਥਾਰਪੂਰਵਕ ਗੁਪਤ ਡਾਟਾ ਦੀ ਮੰਗ ਵੀ ਕੀਤੀ ਹੈ ਤੇ ਉਹ ਅਰਲੀ ਰਿਸਪਾਂਡਰਜ਼ ਦੇ ਨਾਲ ਨਾਲ ਕੋਵਿਡ-19 ਦੇ ਪਹਿਲੇ ਮਰੀਜ਼ਾਂ ਨੂੰ ਵੀ ਮਿਲਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਹੰਨਾਨ ਸੀਫੂਡ ਮਾਰਕਿਟ,ਜਿੱਥੇ ਪਹਿਲੋ ਪਹਿਲ ਕੋਵਿਡ-19 ਦੇ ਕੇਸ ਮਿਲੇ, ਤੇ ਵੁਹਾਨ ਸੈਂਟਰ ਫੌਰ ਡਜ਼ੀਜ਼ ਕੰਟਰੋਲ ਦੀਆਂ ਲੈਬੌਰੇਟਰੀਜ਼ ਦਾ ਵੀ ਟੀਮ ਦੌਰਾ ਕਰਨਾ ਚਾਹੁੰਦੀ ਹੈ।