ਦਿੱਲੀ (ਦੇਵ ਇੰਦਰਜੀਤ) : ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ। ਦੋਹਾਂ ਸਦਨਾਂ- ਲੋਕ ਸਭਾ ਅਤੇ ਰਾਜ ਸਭਾ ’ਚ ਪੈਗਾਸਸ ਜਾਸੂਸੀ ਵਿਵਾਦ, ਖੇਤੀ ਕਾਨੂੰਨਾਂ ਸਮੇਤ ਕਈ ਮੁੱਦਿਆਂ ’ਤੇ ਹੰਗਾਮਾ ਚੱਲ ਰਿਹਾ ਹੈ। ਸੰਸਦ ’ਚ ਕੇਂਦਰ ਸਰਕਾਰ ਨੂੰ ਘੇਰਨ ਲਈ ਬੁੱਧਵਾਰ ਯਾਨੀ ਕਿ ਅੱਜ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਆਗੂਆਂ ਨੇ ਬੈਠਕ ਕੀਤੀ। ਇਸ ਬੈਠਕ ’ਚ ਇਕ ਦਰਜਨ ਪਾਰਟੀਆਂ ਨੇ ਹਿੱਸਾ ਲਿਆ। ਰਾਹੁਲ ਸਮੇਤ ਵਿਰੋਧੀ ਧਿਰ ਦੇ ਆਗੂਆਂ ਨੇ ਪੈਗਾਸਸ ਮਾਮਲੇ ’ਚ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸਥਗਨ ਪ੍ਰਸਤਾਵ ਦਿੱਤਾ ਹੈ। ਉਨ੍ਹਾਂ ਨੇ ਇਸ ਮੁੱਦੇ ’ਤੇ ਸੰਸਦ ਵਿਚ ਚਰਚਾ ਕਰਾਉਣ ਦੀ ਮੰਗ ਕੀਤੀ। ਬੈਠਕ ਮਗਰੋਂ ਰਾਹੁਲ ਗਾਂਧੀ ਨੇ ਮੀਡੀਆ ਨੂੰ ਸੰਬੋਧਿਤ ਕੀਤਾ।
ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਦੀ ਆਵਾਜ਼ ਨੂੰ ਸੰਸਦ ਵਿਚ ਦਬਾਇਆ ਨਹੀਂ ਜਾ ਸਕਦਾ। ਸਾਡਾ ਸਿਰਫ ਇਹ ਹੀ ਸਵਾਲ ਹੈ ਕਿ ਕੀ ਦੇਸ਼ ਦੀ ਸਰਕਾਰ ਨੇ ਪੈਗਾਸਸ ਨੂੰ ਖਰੀਦਿਆ ਹੈ ਜਾਂ ਨਹੀਂ। ਪੈਗਾਸਸ ਨਾਲ ਜਾਸੂਸੀ ਐਂਟੀ-ਨੈਸ਼ਨਲ ਹੈ। ਸਰਕਾਰ ਦੱਸੇ ਕਿ ਲੋਕਾਂ ’ਤੇ ਪੈਗਾਸਸ ਹਥਿਆਰ ਦਾ ਇਸਤੇਮਾਲ ਕੀਤਾ ਜਾਂ ਨਹੀਂ। ਰਾਹੁਲ ਨੇ ਅੱਗੇ ਕਿਹਾ ਕਿ ਦੇਸ਼ ’ਚ ਮੇਰੇ ਖ਼ਿਲਾਫ਼, ਸੁਪਰੀਮ ਕੋਰਟ, ਮੀਡੀਆ ਕਾਮਿਆਂ ਅਤੇ ਹੋਰ ਲੋਕਾਂ ਖ਼ਿਲਾਫ਼ ਪੈਗਾਸਸ ਦੀ ਵਰਤੋਂ ਕਰ ਕੇ ਜਾਸੂਸੀ ਕੀਤੀ ਜਾ ਰਹੀ ਹੈ। ਸਰਕਾਰ ਨੇ ਅਜਿਹਾ ਕਿਉਂ ਕੀਤਾ ਹੈ, ਉਹ ਇਸ ਦਾ ਜਵਾਬ ਦੇਵੇ। ਅਸੀਂ ਸੰਸਦ ਨੂੰ ਚੱਲਣ ਤੋਂ ਨਹੀਂ ਰੋਕ ਰਹੇ ਸਗੋਂ ਆਪਣੀ ਆਵਾਜ਼ ਚੁੱਕ ਰਹੇ ਹਾਂ।