ਚੰਡੀਗੜ੍ਹ (ਦੇਵ ਇੰਦਰਜੀਤ)- ਪੰਜਾਬ ਵਿੱਚ ਕਣਕ ਦੀ ਵਾਢੀ ਦਾ ਜ਼ੋਰ ਫੜਨ ਦੇ ਨਾਲ ਹੀ ਕਿਸਾਨੀ ਮੋਰਚਿਆਂ ’ਤੇ ਔਰਤਾਂ ਦੀ ਗਿਣਤੀ ਵਧਣ ਲੱਗੀ ਹੈ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ 32 ਕਿਸਾਨ-ਜਥੇਬੰਦੀਆਂ ਵੱਲੋਂ ਪੱਕੇ-ਮੋਰਚੇ ਦਾ 198ਵੇਂ ਦਿਨ ਵੀ ਜਾਰੀ ਹਨ ਤੇ ਕਿਸਾਨਾਂ ਦੇ ਹਾੜ੍ਹੀ ਦੇ ਕੰਮਾਂ ਵਿੱਚ ਰੁੱਝੇ ਹੋਣ ਕਾਰਨ ਹੁਣ ਬਹੁਤੀ ਥਾਈਂ ਮੋਰਚਿਆਂ ਦੀ ਕਮਾਨ ਔਰਤਾਂ ਨੇ ਸੰਭਾਲ ਲਈ ਹੈ।
ਮੋਰਚਿਆਂ ’ਤੇ ਮੰਚ ਸੰਚਾਲਨ ਸਮੇਤ ਹੋਰ ਪ੍ਰਬੰਧਾਂ ਵਿੱਚ ਔਰਤਾਂ ਵੱਡੀ ਜ਼ਿੰਮੇਵਾਰੀ ਨਿਭਾ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਮੰਡੀਆਂ ਵਿੱਚ ਬੈਠੇ ਕਿਸਾਨ ਵੀ ਕਿਸਾਨੀ ਅੰਦੋਲਨ ਨੂੰ ਮਘਾਉਣ ਦੀ ਰਣਨੀਤੀ ਤਿਆਰ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦਿੱਲੀ ਦੇ ਮੋਰਚਿਆਂ ’ਚ ਵੀ ਕਿਸਾਨਾਂ ਵੱਲੋਂ ਭਰਵੀਂ ਹਾਜ਼ਰੀ ਲਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਵਾਢੀ ਦਾ ਕੰਮ ਨਿੱਬੜਨ ਮਗਰੋਂ ਕਿਸਾਨਾਂ ਦੇ ਵੱਡੇ ਕਾਫ਼ਲੇ ਮੁੜ ਦਿੱਲੀ ਵੱਲ ਨੂੰ ਕੂਚ ਕਰਨਗੇ। ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ ’ਤੇ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਅੱਗੇ ਧਰਨੇ ਸਮੇਤ ਸਵਾ ਸੌ ਤੋਂ ਵੱਧ ਥਾਵਾਂ ’ਤੇ ਚੱਲ ਰਹੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਵਾਢੀ ਤੋਂ ਬਾਅਦ ਅੰਦੋਲਨ ਨੂੰ ਪੂਰੇ ਮੁਲਕ ਵਿੱਚ ਤਿੱਖਾ ਕੀਤਾ ਜਾਵੇਗਾ। ਸਟੇਜਾਂ ਤੋਂ ਜੋਸ਼ੀਲੀਆਂ ਤਕਰੀਰਾਂ ਦਿੰਦੀਆਂ ਮਹਿਲਾ ਕਿਸਾਨ ਆਗੂਆਂ ਵੀ ਸੱਤਾਧਾਰੀ ਜਮਾਤ ਨੂੰ ਵੰਗਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੇਤੀ ਸਮੇਤ ਹੋਰ ਕਾਲੇ ਕਾਨੂੰਨਾਂ ਕਾਰਨ ਛੋਟੀ ਤੇ ਦਰਮਿਆਨੀ ਕਿਸਾਨੀ ਸਣੇ ਮਜ਼ਦੂਰ ਵਰਗ ਤਬਾਹੀ ਵੱਲ ਜਾਏਗਾ। ਰੋਜ਼ੀ-ਰੋਟੀ ਦੇ ਸਾਧਨ ਖੁੱਸਣ ਕਾਰਨ ਪਰਿਵਾਰ ਲਈ ਸੰਕਟਮਈ ਸਥਿਤੀ ਪੈਦਾ ਹੋਵੇਗੀ, ਜਿਸ ਵਿੱਚ ਔਰਤ ਨੇ ਵੱਧ ਪਿਸਣਾ ਹੈ। ਇਸ ਵਰਤਾਰੇ ਨਾਲ ਲੜਨ ਲਈ ਔਰਤ ਨੂੰ ਅੱਗੇ ਆਉਣਾ ਹੀ ਪੈਣਾ ਹੈ।
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੂੰ ਸ਼ਾਇਦ ਬਹੁਤ ਵੱਡਾ ਭੁਲੇਖਾ ਸੀ ਕਿ ਵਾਢੀ ਦਾ ਸੀਜ਼ਨ ਆਉਣ ’ਤੇ ਕਿਸਾਨ ਅੰਦੋਲਨ ਮੱਠਾ ਪੈ ਜਾਵੇਗਾ ਪਰ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦਿਆਂ ਨੂੰ ਮਿਲੇ ਭਰਵੇਂ ਹੁੰਗਾਰਿਆਂ ਤੋਂ ਸਰਕਾਰ ਨੂੰ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਕਰਵਾਏ ਬਗੈਰ ਘਰ ਵਾਪਸ ਨਹੀਂ ਜਾਣਗੇ।