ਲਖਨਊ (ਦੇਵ ਇੰਦਰਜੀਤ)- ਕੋਰੋਨਾ ਇਨਫੈਕਸ਼ਨ ਦੀ ਚੇਨ ਤੋੜਨ ਲਈ ਯੂਪੀ ਦੀ ਯੋਗੀ ਸਰਕਾਰ ਹਾਈ ਕੋਰਟ ਦੇ ਨਿਰਦੇਸ਼ 'ਤੇ ਵੀ ਪੂਰਾ ਲਾਕਡਾਊਨ ਫਿਲਹਾਲ ਲਾਉਣ ਲਈ ਤਿਆਰ ਨਹੀਂ ਹੈ। ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੇ ਹਾਲਾਤ ਦੀ ਸਮੀਖਿਆ ਕਰਦੇ ਹੋਏ ਏਹਤਿਆਤੀ ਕਦਮ ਚੁੱਕਦੇ ਹੋਏ ਸ਼ਨੀਵਾਰ ਅਤੇ ਐਤਵਾਰ ਯਾਨੀ ਕਿ ਵੀਕੈਂਡ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ।
ਹਾਈ ਕੋਰਟ ਨੇ ਜ਼ਿਆਦਾ ਪ੍ਰਭਾਵਿਤ 5 ਜਿਲਿਆਂ ਲਖਨਊ, ਪ੍ਰਯਾਗਰਾਜ, ਕਾਨਪੁਰ ਨਗਰ, ਵਾਰਾਣਸੀ ਤੇ ਗੋਰਖਪੁਰ 'ਚ 26 ਅਪ੍ਰਰੈਲ ਤਕ ਸੰਪੂਰਨ ਲਾਕਡਾਊਨ ਲਾਉਣ ਦਾ ਨਿਰਦੇਸ਼ ਦਿੱਤਾ ਸੀ। ਆਪਣੀਆਂ ਵਿਵਸਥਾਵਾਂ ਨੂੰ ਕਾਫ਼ੀ ਕਰਾਰ ਦਿੰਦੇ ਹੋਏ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਹਾਲੇ ਸੰਪੂਰਨ ਲਾਕਡਾਊਨ ਨਹੀਂ ਲਾਇਆ ਜਾਵੇਗਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਮੰਗਲਵਾਰ ਨੂੰ ਮੁੜ ਸੀਨੀਅਰ ਅਧਿਕਾਰੀਆਂ ਨਾਲ ਹਾਲਾਤ ਦੀ ਸਮੀਖਿਆ ਕੀਤੀ। ਤੈਅ ਕੀਤਾ ਗਿਆ ਕਿ ਸ਼ੁੱਕਰਵਾਰ ਰਾਤ 8 ਤੋਂ ਸੋਮਵਾਰ ਸਵੇਰੇ 7 ਵਜੇ ਤਕ ਹਫ਼ਤਾਵਾਰੀ ਲਾਕਡਾਊਨ ਸੂਬੇ 'ਚ ਰਹੇਗਾ। ਇਸ ਦੇ ਨਾਲ ਹੀ ਜਿਨ੍ਹਾਂ ਜਿਲਿਆਂ 'ਚ 500 ਤੋ ਜ਼ਿਆਦਾ ਸਰਗਰਮ ਕੇਸ ਹਨ, ਉੱਥੇ ਰੋਜ਼ਾਨਾ ਰਾਤ 8 ਤੋਂ ਸਵੇਰੇ 7 ਵਜੇ ਤਕ ਰਾਤ ਦਾ ਕਰਫਿਊ ਰਹੇਗਾ। ਇਸ ਸਮੇਂ 'ਚ ਸਾਰੀਆਂ ਥਾਵਾਂ 'ਤੇ ਸਵੱਛਤਾ ਤੇ ਸੈਨੇਟਾਈਜ਼ੇਸ਼ਨ ਦਾ ਕੰਮ ਚਲਾਇਆ ਜਾਵੇਗਾ।
ਲਾਕਡਾਊਨ ਦੌਰਾਨ ਜ਼ਰੂਰੀ ਸੇਵਾਵਾਂ ਤੇ ਸਨਅਤੀ ਸਰਗਰਮੀਆਂ 'ਤੇ ਕੋਈ ਰੋਕ ਨਹੀਂ ਰਹੇਗੀ। ਜਿਨ੍ਹਾਂ ਵਿਦਿਆਰਥੀਆਂ ਦੀਆਂ ਪ੍ਰਰੀਖਿਆਵਾਂ ਚੱਲ ਰਹੀਆਂ ਹਨ, ਉਹ ਪਛਾਣ ਪੱਤਰ ਦਿਖਾ ਕੇ ਆ-ਜਾ ਸਕਣਗੇ। ਇਸੇ ਤਰ੍ਹਾਂ ਸਰਕਾਰੀ ਮੁਲਾਜ਼ਮ ਵੀ ਆਪਣਾ ਸ਼ਨਾਖ਼ਤੀ ਕਾਰਡ ਦਿਖਾ ਕੇ ਹਫ਼ਤਾਵਾਰੀ ਲਾਕਡਾਊਨ ਵਾਲੇ ਦਿਨ ਦਫ਼ਤਰ ਜਾ ਸਕਦੇ ਹਨ।