ਜਲੰਧਰ (ਸਾਹਿਬ) : ਮਾਨਸੂਨ ਇਕ ਵਾਰ ਫਿਰ ਸਰਗਰਮ ਹੋ ਗਿਆ ਹੈ, ਜਿਸ ਕਾਰਨ ਮੰਗਲਵਾਰ ਸਵੇਰੇ ਹਲਕੀ ਬਾਰਿਸ਼ ਹੋਈ ਤੇ ਸ਼ਾਮ ਨੂੰ ਮਹਾਨਗਰ ’ਚ ਤੇਜ਼ ਹਵਾਵਾਂ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਦੁਪਹਿਰੇ 4.30 ਵਜੇ ਸੰਘਣੇ ਕਾਲੇ ਬੱਦਲਾਂ ਕਾਰਨ ਅਸਮਾਨ ’ਚ ਹਨੇਰਾ ਛਾ ਗਿਆ, ਜਿਸ ਤੋਂ ਬਾਅਦ ਪਏ ਮੀਂਹ ਕਾਰਨ ਮੌਸਮ ’ਚ ਠੰਢਕ ਮਹਿਸੂਸ ਹੋਣ ਲੱਗੀ। ਉਸ ਸਮੇਂ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਜਦਕਿ ਇਸ ਤੋਂ ਪਹਿਲਾਂ ਦਿਨ ਭਰ ਤੇਜ਼ ਧੁੱਪ ਕਾਰਨ ਵੱਧ ਤੋਂ ਵੱਧ ਤਾਪਮਾਨ 34.5 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਮਹਾਨਗਰ ’ਚ ਭਾਰੀ ਬਾਰਿਸ਼ ਹੋਣ ਦੇ ਆਸਾਰ ਹਨ। ਜਿਸ ਕਾਰਨ ਇਸ ਦਾ ਅਸਰ ਦਿਨ ਤੇ ਰਾਤ ਦੇ ਤਾਪਮਾਨ ’ਚ ਵੀ ਦੇਖਣ ਨੂੰ ਮਿਲੇਗਾ। ਮੀਂਹ ਕਾਰਨ ਕਈ ਇਲਾਕਿਆਂ ’ਚ ਪਾਣੀ ਭਰਨ ਦੀ ਸਮੱਸਿਆ ਵੀ ਪੈਦਾ ਹੋ ਗਈ। ਇਸ ਕਾਰਨ ਟੁੱਟੀਆਂ ਸੜਕਾਂ ’ਤੇ ਥਾਂ-ਥਾਂ ਪਾਣੀ ਭਰ ਜਾਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਨ੍ਹਾਂ ’ਚ ਲੰਮਾ ਪਿੰਡ ਤੋਂ ਹੁਸ਼ਿਆਰਪੁਰ ਰੋਡ, ਲੰਮਾ ਪਿੰਡ ਚੌਕ, ਫੋਕਲ ਪੁਆਇੰਟ, ਸੁੱਚੀ ਪਿੰਡ, ਕਰੋਲ ਬਾਗ, ਸੂਰਿਆ ਇਨਕਲੇਵ, ਲੱਧੇਵਾਲੀ ਰੋਡ, ਜੰਨਤ ਐਵੀਨਿਊ, ਚੌਗਿਟੀ ਚੌਕ, ਗੁਰੂ ਨਾਨਕ ਪੁਰਾ, ਪੁਰਾਣੀ ਰੇਲਵੇ ਰੋਡ, ਦਮੋਰੀਆ ਪੁਲ, ਇਕਹਿਰੀ ਪੁਲੀ ਆਦਿ ਦੇ ਇਲਾਕਿਆਂ ’ਚ ਪਾਣੀ ਭਰਣ ਨਾਲ ਹਰ ਕਿਸੇ ਲਈ ਸਮੱਸਿਆ ਬਣੀ ਰਹੀ। ਜੇਕਰ ਬੁੱਧਵਾਰ ਨੂੰ ਵੀ ਮੀਂਹ ਪੈਂਦਾ ਹੈ ਤਾਂ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਣਗੀਆਂ।