ਅੰਮ੍ਰਿਤਸਰ (ਸਾਹਿਬ) - ਬੁੱਧਵਾਰ ਦੇਰ ਸ਼ਾਮ ਦਿੱਲੀ ਐਨਸੀਆਰ ਵਿਚ ਭਾਰੀ ਮੀਂਹ ਪਿਆ। ਹਾਲਾਤ ਇਹ ਸਨ ਕਿ ਦਿੱਲੀ ਨੂੰ ਐਨਸੀਆਰ ਨਾਲ ਜੋੜਨ ਵਾਲੀਆਂ ਕਈ ਸੜਕਾਂ ਪਾਣੀ ਨਾਲ ਭਰ ਗਈਆਂ। ਦਫਤਰ ਤੋਂ ਘਰ ਪਰਤਦੇ ਸਮੇਂ ਲੋਕ ਟ੍ਰੈਫਿਕ ਵਿਚ ਫਸ ਗਏ। ਮੌਸਮ ਵਿਭਾਗ ਨੇ ਵੀਰਵਾਰ ਦਿੱਲੀ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਅਤੇ ਭਵਿੱਖਬਾਣੀ ਕੀਤੀ ਹੈ ਕਿ ਅੱਜ ਹੋਰ ਵੀ ਭਾਰੀ ਮੀਂਹ ਪੈ ਸਕਦਾ ਹੈ।
ਓਥੇ ਹੀ ਮੌਸਮ ਵਿਭਾਗ ਨੇ ਅਗਲੇ 4 ਤੋਂ 5 ਦਿਨਾਂ ਤੱਕ ਪੰਜਾਬ, ਹਰਿਆਣਾ ਅਤੇ ਦਿੱਲੀ ‘ਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਨੇ ਕਿਹਾ ਕਿ ਦਿੱਲੀ ਦੇ ਆਲੇ-ਦੁਆਲੇ ਮਾਨਸੂਨ ਦਾ ਘੇਰਾ ਬਣਿਆ ਹੋਇਆ ਹੈ, ਇਸ ਲਈ ਇਸ ਹਫ਼ਤੇ ਦੇ ਅੰਤ ਤੋਂ ਅਗਲੇ ਹਫ਼ਤੇ ਤੱਕ ਹਲਕੀ ਤੋਂ ਦਰਮਿਆਨੀ ਅਤੇ ਕਈ ਖੇਤਰਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਦੱਸ ਦਈਏ ਕਿ ਮੌਸਮ ਵਿਭਾਗ ਨੇ ਬੁੱਧਵਾਰ ਰਾਤ ਨੂੰ ਦਿੱਲੀ-ਐਨਸੀਆਰ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ।
ਨਾਲ ਹੀ, ਮੌਸਮ ਵਿਭਾਗ ਨੇ ਦਿੱਲੀ ਦੇ ਨਾਲ-ਨਾਲ ਪੂਰਬੀ ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੜੀਸਾ, ਸਿੱਕਮ ਅਤੇ ਉੱਤਰ-ਪੂਰਬ ਵਿਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।