ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਦੇ ਖੇਤੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਵਿਭਾਗਾਂ ਦੇ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ, ਦੇਸ਼ ’ਚ ਕੋਲੇ ਦੇ ਸੰਕਟ ਦੇ ਬਾਵਜੂਦ ਪੰਜਾਬ ’ਚ ਬਲੈਕ ਆਊਟ ਵਰਗੀ ਸਥਿਤੀ ਪੈਦਾ ਨਹੀਂ ਹੋਣ ਦੇਵੇਗੀ। ਨਾਭਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ
ਅਗਵਾਈ ਹੇਠ ਪੰਜਾਬ ਸਰਕਾਰ ਨੇ ਬਿਜਲੀ ਸੰਕਟ ਦੇ ਹੱਲ ਲਈ ਪੁਖਤਾ ਇੰਤਜ਼ਾਮ ਕੀਤੇ ਹਨ, ਜਿਸ ਕਰਕੇ ਪੰਜਾਬ ਦੇ ਤਾਪ ਬਿਜਲੀ ਘਰਾਂ ਲਈ ਕੋਲੇ ਦੀ ਖ਼ੇਪ ਦੀ ਸਪੈਸ਼ਲ ਰੇਲਗੱਡੀ ਬਹੁਤ ਜਲਦ ਪੰਜਾਬ ਪਹੁੰਚ ਰਹੀ ਹੈ।
ਪੰਜਾਬ ’ਚ ਡੀ. ਏ. ਪੀ. ਖਾਦ ਦੀ ਵੀ ਕੋਈ ਕਿੱਲਤ ਨਹੀਂ ਆਵੇਗੀ ਅਤੇ 1.97 ਲੱਖ ਮੀਟ੍ਰਿਕ ਟਨ ਪੰਜਾਬ ਪੁੱਜ ਰਹੀ ਹੈ। ਕੈਬਨਿਟ ਮੰਤਰੀ ਬਣਨ ਮਗਰੋਂ ਨਾਭਾ ਦੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਮੁੜ ਨਾਭਾ ਪੁੱਜੇ ਰਣਦੀਪ ਸਿੰਘ ਨਾਭਾ ਆਪਣੇ ਸਵ. ਪਿਤਾ ਤੇ ਸਾਬਕਾ ਮੰਤਰੀ ਗੁਰਦਰਸ਼ਨ ਸਿੰਘ ਦੀ ਨਾਭਾ-ਪਟਿਆਲਾ ਬਾਈਪਾਸ ਨੇੜੇ ਸਥਿਤ ਯਾਦਗਾਰ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਨਿਰੰਤਰ ਨਿਰਸਵਾਰਥ ਸੇਵਾ ਕਰਨ ਦਾ ਪ੍ਰਣ ਦੁਹਰਾਇਆ।