ਬੁਢਲਾਡਾ (ਕਰਨ) - ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਸਥਾਨਕ ਰਿਲਾਇੰਸ ਪੈਟਰੋਲ ਪੰਪ 'ਤੇ ਘੇਰਾਬੰਦੀ ਕਰਕੇ ਆਰੰਭ ਧਰਨਾ ਅੱਜ 231 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।
ਅੱਜ ਧਰਨੇ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਬਲਦੇਵ ਸਿੰਘ ਗੁਰਨੇ ਕਲਾਂ , ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਆਗੂ ਸਤਪਾਲ ਸਿੰਘ ਬਰੇ , ਆਲ ਇੰਡੀਆ ਕਿਸਾਨ ਸਭਾ ਦੇ ਨੌਜਵਾਨ ਆਗੂ ਸਵਰਨਜੀਤ ਸਿੰਘ ਦਲਿਓ ਤੋਂ ਇਲਾਵਾ ਤੇਜ ਰਾਮ ਅਹਿਮਦਪੁਰ , ਬਸਾਵਾ ਸਿੰਘ ਧੰਨਪੁਰਾ , ਦੀਦਾਰ ਸਿੰਘ ਕੁਲਰੀਆਂ ਅਤੇ ਹਰਿੰਦਰ ਸਿੰਘ ਸੋਢੀ ਨੇ ਸੰਬੋਧਨ ਕੀਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਬਰਬਾਦੀ ਦੇ ਰਾਹ ਤੋਰਿਆ ਹੈ।ਇਸ ਸਰਕਾਰ ਦਾ ਕੋਈ ਵੀ ਅਜਿਹਾ ਫੈਸਲਾ ਜਾਂ ਕਦਮ ਨਹੀਂ ਜੋ ਦੇਸ਼ ਅਤੇ ਦੇਸ਼ਵਾਸੀਆਂ ਦਾ ਪੱਖੀ ਹੋਵੇ। ਸੰਸਾਰ ਪੱਧਰ 'ਤੇ ਭਾਰਤ ਦੇਸ਼ ਦੇ ਮਾਣ- ਸਤਿਕਾਰ ਅਤੇ ਪ੍ਰਭਾਵ ਨੂੰ ਇਸ ਮੋਦੀ ਸਰਕਾਰ ਕਾਰਨ ਢਾਹ ਲੱਗੀ ਹੈ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪ੍ਰਚਾਰਬਾਜ਼ੀ ਆਤਮ ਨਿਰਭਰਤਾ ਅਤੇ ਦੇਸ਼ ਦੀ ਆਰਥਿਕ ਤਰੱਕੀ ਦਾ ਕਰ ਰਹੀ ਹੈ ਪ੍ਰੰਤੂ ਸਥਿਤੀ ਉਲਟ ਹੈ। ਉਦਯੋਗ - ਕਾਰੋਬਾਰ ਖਾਸ ਕਰਕੇ ਛੋਟੇ ਕਾਰੋਬਾਰ ਬੰਦ ਹੋ ਰਹੇ ਹਨ ਅਤੇ ਕਰੋੜਾਂ ਕਿਰਤੀ ਬੇਰੁਜ਼ਗਾਰ ਹੋ ਰਹੇ ਹਨ ਅਤੇ ਦੇਸ਼ ਦੀ ਆਰਥਿਕਤਾ ਦਿਨੋ ਦਿਨ ਮੰਦੀ ਹੋ ਰਹੀ ਹੈ। ਆਗੂਆਂ ਨੇ ਕਿਹਾ ਕਿ ਖੇਤੀ ਖੇਤਰ ਵਿੱਚ ਕਰੋੜਾਂ ਪਰਿਵਾਰਾਂ ਆਪਣਾ ਗੁਜਰ-ਬਸਰ ਕਰ ਰਹੇ ਸੀ ਅਤੇ ਇਸ ਖੇਤੀ ਖੇਤਰ ਵਿੱਚ ਸਵੈ-ਰੁਜ਼ਗਾਰ ਵਿੱਚ ਲੱਗੇ ਕਰੋੜਾਂ ਕਿਰਤੀ-ਕਿਸਾਨਾਂ ਨੂੰ ਸਰਕਾਰ ਦੁਆਰਾ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਂਦੀ ਸਗੋਂ ਖੇਤੀ ਖੇਤਰ ਤੋਂ ਅਰਬਾਂ-ਖਰਬਾਂ ਰੁਪਏ ਦੀ ਕਮਾਈ ਸਰਕਾਰਾਂ ਅਤੇ ਵੱਡੇ ਘਰਾਣਿਆਂ ਨੂੰ ਹੁੰਦੀ ਹੈ। ਪਰ ਇਸਦੇ ਬਾਵਜੂਦ ਕੇਂਦਰ ਸਰਕਾਰ ਆਪਣੀ ਜਮੀਨ ਦੇ ਟੁਕੜੇ 'ਤੇ ਆਪਣੇ ਪਰਿਵਾਰ ਪਾਲ ਰਹੇ ਕਿਸਾਨਾਂ ਨੂੰ ਅਤੇ ਉਨ੍ਹਾਂ ਦੀਆਂ ਜਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੇ ਰਾਹ ਪੲੀ ਹੋਈ ਹੈ ਅਤੇ ਆਪਣੇ ਕਾਰੋਬਾਰ- ਜਮੀਨਾਂ ਬਚਾਉਣ ਲਈ ਆਰੰਭ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਸਰਕਾਰ ਹੋਛੇ ਹੱਥਕੰਡੇ ਵਰਤ ਰਹੀ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਦੇਸ਼ ਦਾ ਮਿਹਨਤਕਸ਼ ਆਵਾਮ ਆਪਣੇ ਦੇਸ਼ ਵੱਲ ਕਿਸੇ ਭਾਰਤ ਦੋਖੀ ਤਾਕਤ ਨੂੰ ਮਾੜੀ ਨਜ਼ਰ ਨਾਲ ਦੇਖਣ ਨਹੀਂ ਦੇਣਗੇ ਅਤੇ ਦੇਸ਼ ਦੀ ਏਕਤਾ , ਅਖੰਡਤਾ , ਆਜ਼ਾਦੀ ਸਮੇਤ ਅਰਥਚਾਰੇ ਦੀ ਰਾਖੀ ਅੱਖ ਦੀ ਪੁੱਤਲੀ ਵਾਂਗ ਕਰਨਗੇ।
ਧਰਨੇ ਦੀ ਸਮਾਪਤੀ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਇਲਾਕਾ ਬੁਢਲਾਡਾ ਦੀ ਮੀਟਿੰਗ ਕੀਤੀ ਗਈ । ਜਿਸ ਵਿੱਚ 26 ਮੲੀ ਦੇ ਦੇਸ਼ ਵਿਆਪੀ ਐਕਸ਼ਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਸ ਐਕਸ਼ਨ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਵਿਉਂਤਬੰਦੀ ਬਣਾਈ ਗਈ।
ਮੀਟਿੰਗ ਵਿੱਚ ਪਿਛਲੇ ਦਿਨੀਂ ਹਿਸਾਰ ਵਿਖੇ ਕਿਸਾਨਾਂ 'ਤੇ ਖੱਟਰ ਸਰਕਾਰ ਦੁਆਰਾ ਲਾਠੀਚਾਰਜ ਦੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਭਾਜਪਾ- ਆਰ ਐਸ ਐਸ ਜਮੀਨੀ ਪੱਧਰ 'ਤੇ ਜਨਤਾ ਵਿੱਚੋਂ ਪੂਰੀ ਤਰ੍ਹਾਂ ਨਿੱਖੜ ਚੁੱਕੀ ਹੈ। ਕਿਸਾਨਾਂ 'ਤੇ ਲਾਠੀਚਾਰਜ ਬੁਖਲਾਹਟ ਹੈ।
ਧਰਨੇ ਨੂੰ ਹੋਰਨਾਂ ਤੋਂ ਇਲਾਵਾ ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ , ਬਿੱਕਰ ਸਿੰਘ ਦਲਿਓ , ਮਿੱਠੂ ਸਿੰਘ ਅਹਿਮਦਪੁਰ , ਦਰਸ਼ਨ ਸਿੰਘ ਗੁਰਨੇ ਕਲਾਂ , ਸੁਰਜੀਤ ਸਿੰਘ ਅਹਿਮਦਪੁਰ , ਰੂਪ ਸਿੰਘ ਗੁਰਨੇ ਕਲਾਂ , ਕਰਨੈਲ ਸਿੰਘ ਚਹਿਲ , ਬਸੰਤ ਸਿੰਘ ਸਹਾਰਨਾ , ਹਾਕਮ ਸਿੰਘ ਗੁਰਨੇ ਕਲਾਂ , ਮਹਿੰਦਰ ਸਿੰਘ ਹਸਨਪੁਰ , ਮੱਲ ਸਿੰਘ ਬੋੜਾਵਾਲ ਨੇ ਵੀ ਸੰਬੋਧਨ ਕੀਤਾ ।
by vikramsehajpal