ਬਰਮਿੰਘਮ (ਸਾਹਿਬ) - ਬਰਮਿੰਘਮ ਦੇ ਐੱਜਬੈਸਟਨ ਕ੍ਰਿਕਟ ਸਟੇਡੀਅਮ 'ਚ ਖੇਡ ਗਏ ਵਿਸ਼ਵ ਲੈਜੇਂਡਜ਼ ਚੈਂਪੀਅਨਸ਼ਿਪ ਦੇ ਫਾਈਨਲ 'ਚ ਭਾਰਤ ਨੇ ਕੱਟੜ ਵਿਰੋਧੀ ਪਾਕਿਸਤਾਨ ਨੂੰ 5 ਦੌੜਾਂ ਨਾਲ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ। ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਟੀਮ ਨੇ ਸ਼ੋਏਬ ਮਲਿਕ (41), ਕਾਮਰਾਨ ਅਕਮਲ (24) ਤੇ ਮਕਸੂਦ (21) ਦੀਆਂ ਪਾਰੀਆਂ ਦੀ ਬਦੌਲਤ ਭਾਰਤੀ ਪੇਸ ਅਟੈਕ ਦਾ ਸਾਹਮਣਾ ਕਰਦੇ ਹੋਏ 20 ਓਵਰਾਂ 'ਚ 6 ਵਿਕਟਾਂ ਗੁਆ ਕੇ 156 ਦੌੜਾਂ ਬਣਾਈਆਂ।
157 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੇ ਓਪਨਰ ਰੌਬਿਨ ਉਥੱਪਾ 10 ਦੌੜਾਂ ਬਣਾ ਕੇ ਆਮਿਰ ਯਮੇਨ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਸੁਰੇਸ਼ ਰੈਨਾ ਵੀ 4 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਸੱਜੇ ਹੱਥ ਦੇ ਧਮਾਕੇਦਾਰ ਬੱਲੇਬਾਜ਼ ਅੰਬਾਤੀ ਰਾਇਡੂ ਨੇ 30 ਗੇਂਦਾਂ 'ਚ 5 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 50 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ। 50 ਦੌੜਾਂ ਬਣਾ ਕੇ ਉਹ ਸਈਦ ਅਜਮਲ ਦਾ ਸ਼ਿਕਾਰ ਬਣਿਆ। ਦੱਸ ਦਈਏ ਕਿ ਗੁਰਕੀਰਤ ਮਾਨ ਨੇ 33 ਗੇਂਦਾਂ 'ਚ 34 ਗੇਂਦਾਂ ਦੀ ਸੰਜਮ ਭਰੀ ਪਾਰੀ ਖੇਡੀ।
ਉਸ ਨੇ ਆਪਣੀ ਪਾਰੀ 'ਚ 2 ਚੌਕੇ ਤੇ 1 ਛੱਕਾ ਲਗਾਇਆ। ਉਹ ਸ਼ੋਏਬ ਮਲਿਕ ਦੀ ਗੇਂਦ 'ਤੇ ਕਾਮਰਾਨ ਮਲਿਕ ਹੱਥੋਂ ਕੈਚ ਆਊਟ ਹੋ ਗਿਆ। ਅੰਤ 'ਚ ਯੁਵਰਾਜ ਸਿੰਘ ਦੀਆਂ 15 ਤੇ ਇਰਫ਼ਾਨ ਪਠਾਨ ਦੀਆਂ 5 ਦੌੜਾਂ ਦੀ ਬਦੌਲਤ ਭਾਰਤ ਨੇ 19.1 ਓਵਰਾਂ 'ਚ ਹੀ 5 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇਸ ਤਰ੍ਹਾਂ ਭਾਰਤ ਨੇ ਲੀਗ ਸਟੇਜ 'ਚ ਮਿਲੀ ਹਾਰ ਦਾ ਬਦਲਾ ਲੈਂਦੇ ਹੋਏ ਪਾਕਿਸਤਾਨ ਨੂੰ ਫਾਈਨਲ 'ਚ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ।