ਵੋਟ ਖਰੀਦਣ ਵਾਲਾ ਕਦੇ ਲੋਕਾਂ ਦਾ ਭਲਾ ਨਹੀਂ ਕਰ ਸਕਦਾ : ਭਗਵੰਤ ਮਾਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਆਮ ਆਦਮੀ ਪਾਰਟੀ ਪੰਜਾਬ ਅਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਫਤਿਹਗੜ ਸਾਹਿਬ ਅਤੇ ਅਮਲੋਹ ਤੋਂ 'ਆਪ' ਦੇ ਉਮੀਦਵਾਰਾਂ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਗੁਰਿੰਦਰ ਸਿੰਘ ਗੈਰੀ ਵੜਿੰਗ ਦੇ ਹੱਕ ਵਿੱਚ ਵੱਖ- ਵੱਖ ਥਾਂਵਾਂ 'ਤੇ ਚੋਣ ਮਾਰਚ ਕੀਤਾ।


ਅਮਲੋਹ ਦੇ ਉਮੀਦਵਾਰ ਗੈਰੀ ਵੜਿੰਗ ਦੇ ਹੱਕ 'ਚ ਮੰਡੀ ਗੋਬਿੰਦਗੜ ਅਤੇ ਫਤਿਹਗੜ ਸਾਹਿਬ ਦੇ ਉਮੀਦਵਾਰ ਲਖਵੀਰ ਸਿੰਘ ਰਾਏ ਦੇ ਹੱਕ 'ਚ ਸਰਹੰਦ ਵਿਖੇ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਡੀ ਗੋਬਿੰਦਗੜ ਲੋਹੇ ਦੀ ਮੰਡੀ ਹੋਇਆ ਕਰਦੀ ਸੀ। ਮੰਡੀ ਗੋਬਿੰਦਗੜ ਵਿੱਚ ਖੰਨਾ, ਅਮਲੋਹ, ਸਰਹੰਦ ਸਮੇਤ ਪੰਜਾਬ ਭਰ ਦੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ, ਪਰ ਅੱਜ ਫੈਕਟਰੀਆਂ ਬੰਦ ਪਈਆਂ ਹਨ। ਬੰਦ ਪਈਆਂ ਫੈਕਟਰੀਆਂ ਮੁੱੜ ਚਾਲੂ ਕਰਨੀਆਂ ਹਨ ਅਤੇ ਰੋਜ਼ਗਾਰ ਪੈਦਾ ਕਰਨਾ ਹੈ।

ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਨਸ਼ਾ ਮਾਫੀਆ ਨੂੰ ਪੰਜਾਬ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਪੰਜਾਬ 'ਚੋਂ ਨਸ਼ਾ ਤਸਕਰੀ ਪੂਰੀ ਤਰਾਂ ਖ਼ਤਮ ਕਰ ਕੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਕੱਢਾਂਗੇ ਅਤੇ ਉਨਾਂ ਨੂੰ ਚੰਗੀ ਸਿੱਖਿਆ ਅਤੇ ਰੋਜ਼ਗਾਰ ਦੇਵਾਂਗੇ।