ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਵੀਡਨ ਦੇ ਕਈ ਸ਼ਹਿਰਾਂ ਵਿੱਚ ਚੌਥੇ ਦਿਨ ਵੀ ਕੁਰਾਨ ਨੂੰ ਸਾੜਨ ਨੂੰ ਲੈ ਕੇ ਹਿੰਸਕ ਝੜਪਾਂ ਦੇਖਣ ਨੂੰ ਮਿਲੀਆਂ। ਪੂਰਬੀ ਸ਼ਹਿਰ ਨੋਰਕੋਪਿੰਗ ਵਿੱਚ ਪੁਲਿਸ ਨੇ ਦੰਗਾਕਾਰੀਆਂ ਨੂੰ ਚੇਤਾਵਨੀ ਦੇਣ ਲਈ ਗੋਲੀਬਾਰੀ ਕੀਤੀ, ਜਿਸ 'ਚ ਤਿੰਨ ਲੋਕ ਜ਼ਖ਼ਮੀ ਹੋ ਗਏ। ਸਵੀਡਨ 'ਚ ਚੱਲ ਰਹੇ ਦੰਗਿਆਂ 'ਚ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ, ਜਦਕਿ ਪੁਲਸ ਹੁਣ ਤੱਕ 17 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਜਾਣਕਾਰੀ ਅਨੁਸਾਰ ਦੱਖਣੀ ਸਵੀਡਿਸ਼ ਸ਼ਹਿਰ ਮਾਲਮੋ 'ਚ ਇੱਕ ਰੈਲੀ ਵਿੱਚ ਇੱਕ ਬੱਸ ਸਮੇਤ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ।ਈਰਾਨ ਅਤੇ ਇਰਾਕ ਨੇ ਕੁਰਾਨ ਨੂੰ ਸਾੜਨ ਦਾ ਵਿਰੋਧ ਜਤਾਇਆ ਹੈ। ਦੋਵਾਂ ਦੇਸ਼ਾਂ ਵੱਲੋਂ ਸਵੀਡਨ ਦੇ ਰਾਜਦੂਤਾਂ ਨੂੰ ਤਲਬ ਕੀਤਾ ਗਿਆ ਸੀ। ਡੈਨਿਸ਼-ਸਵੀਡਿਸ਼ ਕੱਟੜਪੰਥੀ ਰਾਸਮੁਸ ਪਾਲੁਡਨ ਨੇ ਕਿਹਾ ਕਿ ਉਹਨਾਂ ਨੇ ਇਸਲਾਮ ਦੀ ਸਭ ਤੋਂ ਪਵਿੱਤਰ ਕਿਤਾਬ ਨੂੰ ਸਾੜ ਦਿੱਤਾ ਹੈ ਅਤੇ ਅੱਗੇ ਵੀ ਉਹ ਅਜਿਹਾ ਕਰਨਾ ਜਾਰੀ ਰੱਖਣਗੇ।
2020 'ਚ ਵੀ ਸਟ੍ਰੋਮ ਕੁਰਸ ਨੇ ਕੁਰਾਨ ਨੂੰ ਸਾੜਨ ਦੀ ਯੋਜਨਾ ਬਣਾਈ ਸੀ, ਜਿਸ ਤੋਂ ਬਾਅਦ ਹਿੰਸਾ ਭੜਕ ਗਈ ਸੀ। ਉਸ ਸਮੇਂ ਮਾਲਮੋ ਸ਼ਹਿਰ ਵਿੱਚ ਕਈ ਵਾਹਨਾਂ ਅਤੇ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਹਿੰਸਾ ਤੋਂ ਬਾਅਦ ਰਾਸਮੁਸ ਪਾਲੁਡਾਨ ਨੂੰ ਨਸਲਵਾਦ ਦੇ ਦੋਸ਼ 'ਚ 2020 'ਚ ਜੇਲ੍ਹ ਭੇਜ ਦਿੱਤਾ ਗਿਆ ਸੀ।