ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਕਿਸਾਨਾਂ ਵਲੋਂ ਖੇਤੀ ਕਾਨੂੰਨ ਰੱਧ ਕਰਵਾਉਣ ਲਈ 26 ਜਨਵਰੀ ਮੌਕੇ ਦਿੱਲੀ ਵਿੱਚ ਟਰੈਕਟਰ ਪਰੇਡ ਕੀਤੀ। ਕੱਲ ਸੰਯੁਕਤ ਕਿਸਾਨ ਮੋਰਚੇ ਨੇ ਟਰੈਕਟਰ ਪਰੇਡ ਤੈਅ ਸਮੇਂ ਅਤੇ ਤੈਅ ਰੂਟ ਉੱਤੇ ਕੀਤੀ, ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਮ੍ਰਿਤਸਰ ਸੰਗਠਨ ਦੇ ਆਗੂ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਵਿੱਚ ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡ ਤੋੜਦੇ ਹੋਏ ਦਿੱਲੀ ਵੱਲ ਕੂਚ ਕੀਤੀ।
ਦਿੱਲੀ ਵੱਲ ਵਧਦੇ ਪ੍ਰਦਰਸ਼ਨਕਾਰੀਆਂ ਦੇ ਕਾਫਲੇ ਨੂੰ ਰੋਕਣ ਲਈ ਪੁਲਿਸ ਨੇ ਦਿੱਲੀ ਵੱਲ ਵਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਹੰਝੂ ਗੈੱਸ ਦੇ ਗੋਲੇ ਛੱਡੇ। ਇਸ ਮਗਰੋਂ ਇਹ ਮਾਰਚ ਦੇਖਦੇ ਹੀ ਦੇਖਦੇ ਹਿੰਸਕ ਝੜਪ ਵਿੱਚ ਤਬਦੀਲ ਹੋ ਗਿਆ। ਇਸ ਹਿੰਸਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਖਾਲਸਾ ਝੰਡਾ ਅਤੇ ਕਿਸਾਨੀ ਝੰਡਾ ਲਹਿਰਾਇਆ ਜਿਸ ਤੋਂ ਬਾਅਦ ਸਿਆਸਤ ਭਖਣੀ ਸ਼ੁਰੂ ਹੋ ਗਈ।
ਬੀਕੇਯੂ ਰਾਜੇਵਾਲ ਨੇ ਦਿੱਲੀ ਪੁਲਿਸ, ਭਾਜਪਾ ਆਗੂ 'ਤੇ ਸਾਧਿਆ ਨਿਸ਼ਾਨਾ
ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੇ ਨਜ਼ਦੀਕੀ ਓਕਾਂਰ ਸਿੰਘ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਸਾਜ਼ਿਸ਼ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਮ੍ਰਿਤਸਰ ਨੂੰ ਦਿੱਲੀ ਵਿੱਚ ਆਉਣ ਦੀ ਇਜਾਜ਼ਤ ਦਿੱਤੀ, ਜਦਕਿ ਦੂਜੇ ਸੰਗਠਨ ਬਾਰਡਰ ਪਾਰ ਬੈਠੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਗਠਨ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਉੱਤੇ ਪਹਿਲਾਂ ਹੀ ਸਰਕਾਰੀ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਖੁਲਾਸਾ ਕਰ ਚੁੱਕਿਆ ਹੈ। ਦੀਪ ਸਿੱਧੂ ਦੇ ਭਾਜਪਾ ਆਗੂਆਂ ਨਾਲ ਚੰਗੇ ਸਬੰਧ ਹਨ ਤਾਂ ਹੀ ਉੱਥੇ ਕਿਸਾਨ ਟਰੈਕਟਰ ਪਰੇਡ ਦੀ ਇਜ਼ਾਜਤ ਦੇ ਬਾਵਜੂਦ ਦਿੱਲੀ ਪੁਲਿਸ ਵੱਲੋਂ ਕਈ ਥਾਵਾਂ ਉੱਤੇ ਬੈਰੀਕੇਡ ਕਰਕੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ।
ਦਿੱਲੀ ਹਿੰਸਾ ਤੋਂ ਬਾਅਦ ਦੋ ਜਥੇਬੰਦੀਆਂ ਨੇ ਅੰਦੋਲਨ ਤੋਂ ਕੀਤੀ ਵਾਪਸੀ
ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੇ ਆਗੂ ਵੀ.ਐਮ. ਸਿੰਘ ਨੇ ਕਿਹਾ ਕਿ ਮੈਂ ਉਸ ਵਿਅਕਤੀ ਨਾਲ ਵਿਰੋਧ ਪ੍ਰਦਰਸ਼ਨ ਨਹੀਂ ਕਰ ਸਕਦਾ, ਜਿਸ ਦੀ ਦਿਸ਼ਾ ਵੱਖਰੀ ਹੈ। ਮੈਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ ਪਰ ਮੈਂ ਅਤੇ ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਵਿਰੋਧ ਪ੍ਰਦਰਸ਼ਨ ਤੋਂ ਪਿੱਛੇ ਹੱਟ ਰਿਹਾ ਹੈ।
ਇਸ ਦੇ ਨਾਲ ਬੀਕੇਯੂ ਭਾਨੂੰ ਦੇ ਪ੍ਰਧਾਨ ਭਾਨੂੰ ਪ੍ਰਤਾਪ ਸਿੰਘ ਨੇ ਕਿਹਾ ਕਿ ਕੱਲ੍ਹ ਜੋ ਵੀ ਦਿੱਲੀ ਵਿੱਚ ਵਾਪਰਿਆ ਸੀ ਅਤੇ ਸਾਡੇ 58 ਦਿਨਾਂ ਵਿਰੋਧ ਪ੍ਰਦਰਸ਼ਨ ਨੂੰ ਖ਼ਤਮ ਕਰਦਿਆਂ ਮੈਂ ਬਹੁਤ ਦੁਖੀ ਹਾਂ।
ਕਿਸਾਨ ਮਜ਼ਦੂਰ ਏਕਤਾ ਸੰਘਰਸ਼ ਕਮੇਟੀ ਅੰਮ੍ਰਿਤਸਰ ਦੇ ਝਾੜਿਆ ਪੱਲਾ
ਕਿਸਾਨ ਮਜ਼ਦੂਰ ਏਕਤਾ ਸੰਘਰਸ਼ ਕਮੇਟੀ ਅੰਮ੍ਰਿਤਸਰ ਦੇ ਆਗੂ ਸਵਰਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਦਾ ਲਾਲ ਕਿਲ੍ਹੇ ਦੀ ਹਿੰਸਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਦੇ ਨਾਲ ਉਨ੍ਹਾਂ ਨੇ ਦਿੱਲੀ ਵਿੱਚ ਹੋਈ ਹਿੰਸਾ ਨਿੰਦਾ ਕੀਤੀ ਤੇ ਦੀਪ ਸਿੱਧੂ ਅਤੇ ਗੈਂਗਸਟਰ ਲੱਖਾ ਸਿਧਾਣਾ ਉੱਤੇ ਨਿਸ਼ਾਨਾ ਸਾਧਿਆ।