ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਦਿੱਲੀ ਵਿਖੇ ਖ਼ਾਸ ਕਰਕੇ ਲਾਲ ਕਿਲ੍ਹੇ 'ਤੇ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਖੇਧੀ ਕੀਤੀ। ਕੈਪਟਨ ਨੇ ਕਿਹਾ ਦੇਸ਼ ਨੂੰ ਨਮੋਸ਼ੀ ਝੱਲਣੀ ਪਈ ਹੈ ਅਤੇ ਇਸ ਨਾਲ ਕਿਸਾਨ ਅੰਦੋਲਨ ਕਮਜ਼ੋਰ ਹੋਇਆ ਹੈ ਪਰ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਖੇਤੀ ਕਾਨੂੰਨਾਂ ਦੇ ਗ਼ਲਤ ਅਤੇ ਮੁਲਕ ਦੇ ਸੰਘੀ ਢਾਂਚੇ ਦੇ ਖ਼ਿਲਾਫ਼ ਹੋਣ ਕਾਰਨ ਕਿਸਾਨਾਂ ਨਾਲ ਖੜ੍ਹੇ ਰਹਿਣਗੇ।
ਮੁੱਖ ਮੰਤਰੀ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਲਾਲ ਕਿਲ੍ਹਾ ਆਜ਼ਾਦ ਭਾਰਤ ਦਾ ਪ੍ਰਤੀਕ ਹੈ ਅਤੇ ਆਜ਼ਾਦੀ 'ਤੇ ਕੌਮੀ ਝੰਡੇ ਨੂੰ ਲਾਲ ਕਿਲ੍ਹੇ ਉਤੇ ਲਹਿਰਾਉਂਦਾ ਵੇਖਣ ਲਈ ਹਜ਼ਾਰਾਂ ਹੀ ਭਾਰਤੀਆਂ ਨੇ ਆਪਣੀਆਂ ਜਾਨਾਂ ਵਾਰੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਮਹਾਤਮਾ ਗਾਂਧੀ ਨੇ ਆਜ਼ਾਦੀ ਦੀ ਸਮੁੱਚੀ ਲੜਾਈ ਅਹਿੰਸਾ ਦੇ ਆਸਰੇ ਲੜੀ। ਉਨ੍ਹਾਂ ਕਿਹਾ, ''ਕੌਮੀ ਰਾਜਧਾਨੀ ਵਿੱਚ ਬੀਤੇ ਕੱਲ੍ਹ ਜੋ ਕੁੱਝ ਵੀ ਵਾਪਰਿਆ, ਉਸ ਨਾਲ ਮੇਰਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।''
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਜਿਸ ਨੇ ਵੀ ਲਾਲ ਕਿਲ੍ਹੇ ਵਿਖੇ ਹਿੰਸਾ ਕੀਤੀ ਹੈ, ਉਸ ਨੇ ਪੂਰੇ ਮੁਲਕ ਨੂੰ ਨਮੋਸ਼ੀ ਦਾ ਪਾਤਰ ਬਣਾਇਆ ਹੈ ਅਤੇ ਦਿੱਲੀ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ।'' ਉਨ੍ਹਾਂ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ਸਬੰਧੀ ਕਿਸੇ ਵੀ ਪਾਰਟੀ ਜਾਂ ਦੇਸ਼ ਦੀ ਸ਼ਮੂਲੀਅਤ ਹੋਣ ਦੀ ਜਾਂਚ ਕਰਨੀ ਚਾਹੀਦੀ ਹੈ ਪਰ ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪੁਲਿਸ ਕਿਸਾਨ ਆਗੂਆਂ ਨੂੰ ਅਜਾਈਂ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਅਮਨ-ਸ਼ਾਂਤੀ ਭਰੇ ਮਾਹੌਲ ਵਿੱਚ ਹੈ ਅਤੇ ਹਾਲੀਆ ਘਟਨਾਵਾਂ ਕਾਰਨ ਸੂਬੇ ਵਿੱਚ ਨਿਵੇਸ਼ ਦੀ ਰਫਤਾਰ ਮੱਧਮ ਪਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰ ਵਿਚਲੀ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੇਸ਼ ਵਿੱਚ ਹੋਣ ਵਾਲੀਆਂ ਅਗਲੀਆਂ ਚੋਣਾਂ ਵਿੱਚ ਲੋਕਾਂ ਦੇ ਪਸੰਦ ਨਹੀਂ ਬਣ ਸਕੇਗੀ, ਕਿਉਂ ਜੋ 70 ਫ਼ੀਸਦੀ ਆਬਾਦੀ ਕਿਸਾਨਾਂ ਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਰੀਆਂ ਘੱਟ ਗਿਣਤੀਆਂ ਦੀ ਸ਼ਮੂਲੀਅਤ ਵਾਲੇ ਸਥਿਰਤਾ ਅਤੇ ਧਰਮ ਨਿਰਪੱਖਤਾ ਦੇ ਸਿਧਾਂਤ ਦੇਸ਼ ਦੇ ਸਮੁੱਚੇ ਵਿਕਾਸ ਲਈ ਬੇਹੱਦ ਅਹਿਮ ਹਨ ਅਤੇ ਹਿੰਦੂਤਵਾ ਦਾ ਪੱਤਾ ਖੇਡਣ ਨਾਲ ਤਰੱਕੀ ਨਹੀਂ ਹੋ ਸਕਦੀ।