ਲੰਡਨ (ਵਿਕਰਮ ਸਹਿਜਪਾਲ) : ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ 'ਚ ਦੋਸ਼ੀ ਵਿਜੈ ਮਾਲਿਆ ਐਤਵਾਰ ਨੂੰ ਲੰਡਨ ਦੇ ਓਪਲ ਮੈਦਾਨ ਕ੍ਰਿਕੇਟ ਮੈਚ ਵੇਖਣ ਲਈ ਪੁੱਜੇ। ਇਥੇ ਉਨ੍ਹਾਂ ਨੂੰ ਲੋਕਾਂ ਦੀ ਭਾਰੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਭਾਰਤ ਅਤੇ ਅਸਟ੍ਰੇਲੀਆ ਵਿਚਾਲੇ ਹੋ ਰਹੇ ਮੈਚ ਨੂੰ ਦੇਖਣ ਲਈ ਪੁੱਜੇ। ਮਾਲਿਆ ਨਾਲ ਉਨ੍ਹਾਂ ਦੀ ਮਾਂ ਲਲਿਤਾ ਵੀ ਮੌਜ਼ੂਦ ਸੀ। ਜਿਵੇਂ ਹੀ ਮਾਲਿਆ ਆਪਣੀ ਮਾਂ ਨਾਲ ਮੈਚ ਦੇਖ ਕੇ ਓਵਲ ਗਰਾਉਂਡ ਤੋਂ ਬਾਹਰ ਆਉਂਣ ਲਗੇ ਤਾਂ ਉਨ੍ਹਾਂ ਦਾ ਸਾਹਮਣਾ ਭਾਰੀ ਭੀੜ ਨਾਲ ਹੋਇਆ।
ਲੋਕਾਂ ਨੇ ਮਾਲਿਆ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਲਗਾਤਾਰ ਮਾਲਿਆ ਵਿਰੁੱਧ ਚੋਰ ਹੈ ਦਾ ਨਾਅਰਾ ਲਗਾ ਰਹੇ ਸਨ। ਪੱਤਰਕਾਰਾਂ ਨੇ ਜਦ ਮਾਲਿਆ ਨਾਲ ਗੱਲ ਕਰਨੀ ਚਾਹੀ ਤਾਂ ਉਹ ਬਚਦੇ ਹੋਏ ਨਜ਼ਰ ਆਏ ਉਨ੍ਹਾਂ ਕਿਹਾ ਕਿ ਉਹ ਇਥੇ ਸਿਰਫ਼ ਮੈਚ ਵੇਖਣ ਆਏ ਸੀ। ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਭੀੜ ਵੱਲੋਂ ਮੇਰੀ ਮਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪੁੱਜੇ।
ਜ਼ਿਕਰਯੋਗ ਹੈ ਕਿ ਵਿਜੈ ਮਾਲਿਆ ਹੁਣ ਬੰਦ ਹੋ ਚੁੱਕੀ ਏਅਰਲਾਈਨ ਕੰਪਨੀ ਕਿੰਗਫਿਸ਼ਰ ਦੇ ਮਾਲਿਕ ਅਤੇ ਸ਼ਰਾਬ ਕਾਰੋਬਾਰੀ ਹਨ ਅਤੇ ਉਹ ਕ੍ਰਿਕੇਟ ਦੇ ਪ੍ਰਸ਼ੰਸਕ ਹਨ। ਮਾਲਿਆ ਉੱਤੇ ਮਨੀ ਲਾਂਡਰਿੰਗ ਦੇ ਕਈ ਕੇਸ ਚੱਲ ਰਹੇ ਹਨ ਅਤੇ ਉਹ ਬ੍ਰਿਟੇਨ ਵਿਰੁੱਧ ਕਾਨੂੰਨੀ ਲੜਾਈ ਲੜ ਰਹੇ ਹਨ। ਉਨ੍ਹਾਂ ਉੱਤੇ ਭਾਰਤ ਵਿੱਚ ਲਗਭਗ 9000 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਹੈ।