ਦੇਸ਼ ਭਰ ‘ਚੋਂ ਮਿਲਿਆ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਨੂੰ ਰਾਸ਼ਟਰੀ ਪੱਧਰ ’ਤੇ ਦੂਸਰਾ ਸਥਾਨ

by nripost

ਲੁਧਿਆਣਾ (ਹਰਮੀਤ) : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਰਾਸ਼ਟਰੀ ਸੰਸਥਾ ਰੈਂਕਿੰਗ ਫਰੇਮਵਰਕ 2024 ਦੀ ਸੂਚੀ ਵਿੱਚ ਮੁਲਕ ਦੀਆਂ ਸਾਰੀਆਂ ਵੈਟਰਨਰੀ ਯੂਨੀਵਰਸਿਟੀਆਂ ਵਿਚੋਂ ਰਾਸ਼ਟਰੀ ਪੱਧਰ ’ਤੇ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਰਾਜ ਦਾ ਨਾਮ ਰੋਸ਼ਨ ਕੀਤਾ ਹੈ । ਯੂਨੀਵਰਸਿਟੀ ਨੇ ਸਿਰਫ ਆਪਣੇ ਮੁੱਖ ਖੇਤਰ ਵਿੱਚ ਹੀ ਨਹੀਂ ਬਲਕਿ ਕੁੱਲ ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਵੀ ਆਪਣੀ ਚੰਗੀ ਕਾਰਗੁਜ਼ਾਰੀ ਦਰਸਾਉਂਦੇ ਹੋਏ 24ਵਾਂ ਸਥਾਨ ਹਾਸਿਲ ਕੀਤਾ ਹੈ। ਇਸ ਵਾਰ ਇਸ ਨੂੰ ਕੁੱਲ 50.50 ਅੰਕ ਪ੍ਰਾਪਤ ਹੋਏ ਹਨ ਜੋ ਕਿ 2023 ਵਿੱਚ 47.79 ਸਨ ਯਾਨੀ ਲਗਭਗ 2.73 ਅੰਕਾਂ ਦਾ ਵਾਧਾ। ਇਹ ਵਾਧਾ ਯੂਨੀਵਰਸਿਟੀ ਨੂੰ ਅਧਿਆਪਨ, ਖੋਜ, ਪੇਸ਼ੇਵਰ ਕ੍ਰਿਆਵਾਂ ਅਤੇ ਵਧੀਆ ਵਿਦਿਆਰਥੀ ਪੈਦਾ ਕਰਨ ਕਰਕੇ ਮਿਲਿਆ ਹੈ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਸਾਡੀ ਇਸ ਸਫ਼ਲਤਾ ਦਾ ਸਿਹਰਾ ਸਮਰਪਿਤ ਅਧਿਆਪਕਾਂ, ਵਿਦਿਆਰਥੀਆਂ, ਕਰਮਚਾਰੀਆਂ ਅਤੇ ਸਾਬਕਾ ਵਿਦਿਆਰਥੀਆਂ ਨੂੰ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਸਾਨੂੰ ਆਪਣੇ ਟੀਚਿਆਂ ਨੂੰ ਹੋਰ ਮਿਹਨਤ ਨਾਲ ਪੂਰਿਆਂ ਕਰਨ ਦਾ ਹੌਸਲਾ ਮਿਲਿਆ ਹੈ। ਯੂਨੀਵਰਸਿਟੀ ਦੀ ਇਹ ਜ਼ਿਕਰਯੋਗ ਪ੍ਰਾਪਤੀ ਇਸੇ ਢੰਗ ਨਾਲ ਅੱਗੇ ਚੱਲੇਗੀ ਅਤੇ ਕਿਸਾਨੀ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਨਜਿੱਠਦੀ ਰਹੇਗੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੇਸ਼ੇਵਰ ਗੁਣਾਂ ਨੂੰ ਹੋਰ ਬਿਹਤਰ ਕਰਾਂਗੇ ਅਤੇ ਮੁਲਕ ਦੀਆਂ ਬਾਕੀ ਵੈਟਰਨਰੀ ਸੰਸਥਾਵਾਂ ਵਿੱਚ ਗਹਿਰੇ ਹਸਤਾਖ਼ਰ ਛੱਡਾਂਗੇ।

ਕੌਮੀ ਪੱਧਰ ’ਤੇ ਇਹ ਸਥਾਨ ਪ੍ਰਾਪਤ ਹੋਣਾ ਦਰਸਾਉਂਦਾ ਹੈ ਕਿ ਵੈਟਰਨਰੀ ਯੂਨੀਵਰਸਿਟੀ ਵੈਟਰਨਰੀ ਵਿਗਿਆਨ, ਪਸ਼ੂ ਵਿਗਿਆਨ, ਮੱਛੀ ਪਾਲਣ ਅਤੇ ਮੁਰਗੀ ਪਾਲਣ ਦੀ ਖੋਜ ਅਤੇ ਵਿਦਿਆ ਪ੍ਰਤੀ ਪੂਰਨ ਤੌਰ ’ਤੇ ਸਮਰਪਿਤ ਹੈ।