ਵੈਨਕੂਵਰ (ਦੇਵ ਇੰਦਰਜੀਤ)- ਵੈਨਕੂਵਰ ਪੁਲਿਸ ਵੱਲੋਂ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਚਲਾਈ ਮੁਹਿੰਮ ' ਪ੍ਰੋਜੈਕਟ ਟੈਸ਼' ਤਹਿਤ ਇਕ ਵੱਡੀ ਕਾਰਵਾਈ ਕਰਦਿਆਂ 4 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 25 ਕਰੋੜ ਭਾਰਤੀ ਰੁਪਏ) ਕੀਮਤ ਮੁੱਲ ਦੇ ਨਸ਼ੀਲੇ ਪਦਰਾਥ ਬਰਾਮਦ ਕੀਤੇ ਗਏ ਹਨ, ਜਿਨਾ ਵਿੱਚ 13 ਕਿਲੋਗ੍ਰਾਮ ਫੈਂਟਾਨਿਲ, 11 ਕਿਲੋਗ੍ਰਾਮ ਕ੍ਰਿਸਟਲ ਮੈਥ ਅਤੇ 6 ਕਿਲੋਗ੍ਰਾਮ ਬੈਨਜ਼ੋ-ਡਿਆ-ਜ਼ੀਪੀਨ ਸ਼ਾਮਲ ਹਨ।
ਵੈਨਕੂਵਰ ਪੁਲਿਸ ਦੀ ਸੁਪਰਡੈਂਟ ਲੀਜਾ ਬੇਅਰਨ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਸਮੇਂ ਇਕ ਹਥਿਆਰ ਅਤੇ 3 ਲੱਖ ਵੀਹ ਹਜ਼ਾਰ ਡਾਲਰ (ਲਗਭਗ ਦੋ ਕਰੋੜ ਭਾਰਤੀ ਰੁਪਏ) ਨਕਦੀ ਵੀ ਮਿਲੀ ਹੈ। ਪੁਲਿਸ ਅਨੁਸਾਰ ਇਹਨਾਂ ਨਸ਼ੀਲੇ ਪਦਾਰਥਾਂ ਦੀ ਪੈਕਿੰਗ ਵੱਖ-ਵੱਖ ਘਰਾਂ ਵਿਚ ਹੁੰਦੀ ਸੀ ਅਤੇ ਫਿਰ ਟੈਕਸੀ ਦੁਆਰਾ ਲੋਅਰ ਮੇਨਲੈਂਡ ਵਿਚ ਵੱਖ-ਵੱਖ ਥਾਵਾਂ ‘ਤੇ ਸਪਲਾਈ ਕੀਤੀ ਜਾਂਦੀ ਸੀ। ਵੈਨਕੂਵਰ ਪੁਲਿਸ ਵੱਲੋਂ ਕਾਰਵਾਈ ਦੌਰਾਨ ਛਾਪੇ ਮਾਰ ਕੇ ਨੇੜਲੇ ਸ਼ਹਿਰ ਬਰਨਬੀ ਦੇ ਇਕ 52 ਸਾਲਾ ਅਤੇ ਵੈਨਕੂਵਰ ਦੇ 21 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰਨ ਉਪਰੰਤ ਰਿਹਾਅ ਕਰ ਦਿੱਤਾ ਗਿਆ ਪਰ ਇਸ ਸਬੰਧੀ ਜਾਂਚ ਜਾਰੀ ਹੈ