ਦੇਹਰਾਦੂਨ (ਦੇਵ ਇੰਦਰਜੀਤ)- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਬਰਫ਼ ਦੇ ਵੱਡੇ ਤੋਦੇ ਡਿੱਗਣ ਨਾਲ ਆਏ ਹੜ੍ਹ ਤੋਂ ਇਕ ਦਿਨ ਮਗਰੋਂ 19 ਹੋਰ ਲਾਸ਼ਾਂ ਮਿਲਣ ਨਾਲ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 26 ਹੋ ਗਈ ਹੈ, ਜਦੋਂਕਿ 171 ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾਂਦੇ ਹਨ। ਤਪੋਵਨ ਪਣਬਿਜਲੀ ਪ੍ਰਾਜੈਕਟ ਸਾਈਟ ’ਤੇ ਬਣੀ ਸੁਰੰਗ ਵਿੱਚ ਅਜੇ ਵੀ ਘੱਟੋ-ਘੱਟ 30 ਕਾਮੇ ਫਸੇ ਹੋਏ ਹਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਵੱਡੇ ਪੱਧਰ ’ਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਆਈਟੀਬੀਪੀ, ਐੱਨਡੀਆਰਐੱਫ ਤੇ ਐੱਸਡੀਆਰਐੱਫ ਦੀਆਂ ਟੀਮਾਂ ਪੂਰੀ ਰਾਤ ਰਾਹਤ ਕਾਰਜਾਂ ਵਿੱਚ ਜੁਟੀਆਂ ਰਹੀਆਂ ਜਦੋਂਕਿ ਭਾਰਤੀ ਹਵਾਈ ਸੈਨਾ ਵੀ ਹੜ੍ਹ ਦੀ ਮਾਰ ਹੇਠ ਆਏ ਇਲਾਕਿਆਂ ’ਚ ਬਚਾਅ ਕਾਰਜਾਂ ’ਚ ਲੱਗੀ ਹੋਈ ਹੈ।
ਚੇਤੇ ਰਹੇ ਕਿ ਅਲਕਨੰਦਾ ਨਦੀ, ਰਿਸ਼ੀ ਗੰਗਾ ਤੇ ਧੌਲੀ ਗੰਗਾ ਨਦੀਆਂ ’ਚ ਹੜ੍ਹ ਆਉਣ ਕਰਕੇ ਕਈ ਥਾਈਂ ਘਰ ਰੁੜ੍ਹ ਗਏ ਸਨ ਜਦੋਂਕਿ ਐੱਨਟੀਪੀਸੀ ਤਪੋਵਨ-ਵਿਸ਼ਨੂਗਾਡ ਪਣਬਿਜਲੀ ਪ੍ਰਾਜੈਕਟ ਤੇ ਰਿਸ਼ੀ ਗੰਗਾ ਪਣਬਿਜਲੀ ਪ੍ਰਾਜੈਕਟ ਨੂੰ ਵੱਡਾ ਨੁਕਸਾਨ ਪੁੱਜਾ। ਪ੍ਰਾਜੈਕਟਾਂ ਵਿੱਚ ਬਣੀਆਂ ਸੁਰੰਗਾਂ ’ਚ ਪਾਣੀ ਭਰਨ ਕਰਕੇ ਵੱਡੀ ਗਿਣਤੀ ਮਜ਼ਦੂਰ ਇਨ੍ਹਾਂ ਵਿੱਚ ਫਸ ਗਏ ਹਨ। 171 ਲਾਪਤਾ ਵਿਅਕਤੀਆਂ ’ਚ ਪਣਬਿਜਲੀ ਪ੍ਰਾਜੈਕਟ ਸਾਈਟਾਂ ’ਤੇ ਕੰਮ ਕਰਦੇ ਕਾਮਿਆਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦੇ ਘਰ ਇਸ ਜਲ-ਪਰਲੋ ’ਚ ਰੜ੍ਹ ਗਏ ਹਨ।