ਅਮਰੀਕਾ : ਯੂਨੀਵਰਸਿਟੀ ‘ਚ ਹੋਈ ਗੋਲ਼ੀਬਾਰੀ ‘ਚ 2 ਵਿਦਿਆਰਥੀਆਂ ਦੀ ਮੌਤ

by mediateam

ਅਮਰੀਕਾ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਦੇ ਚਾਰਲੋਟ ਸਥਿਤ ਕੈਂਪਸ ਵਿਚ ਮੰਗਲਵਾਰ ਸ਼ਾਮ ਗੋਲ਼ੀਬਾਰੀ 'ਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਚਾਰ ਵਿਦਿਆਰਥੀ ਜ਼ਖ਼ਮੀ ਹਨ ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ।

ਹਮਲਾਵਰ ਵੀ ਇਸੇ ਯੂਨੀਵਰਸਿਟੀ ਦਾ 22 ਸਾਲਾ ਵਿਦਿਆਰਥੀ ਟਿ੍ਸਟਨ ਐਂਡਰਿਊ ਟੇਰੇਲ ਹੈ। ਉਸ ਨੇ ਵਿੱਦਿਅਕ ਸੈਸ਼ਨ ਦੇ ਆਖਰੀ ਦਿਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕੈਂਪਸ ਸਥਿਤ ਪੁਲਿਸ ਮੁਖੀ ਜੈੱਫ ਬੇਕਰ ਨੇ ਦੱਸਿਆ ਕਿ ਸੈਸ਼ਨ ਦੇ ਆਖਰੀ ਦਿਨ ਕੈਂਪਸ ਵਿਚ ਸੰਗੀਤ ਸਮਾਰੋਹ ਕਰਵਾਇਆ ਗਿਆ ਸੀ। 

ਇਸ ਨੂੰ ਲੈ ਕੇ ਪੁਲਿਸ ਉਥੇ ਪਹਿਲੇ ਤੋਂ ਮੌਜੂਦ ਸੀ। ਇਕ ਹਾਲ ਵਿਚ ਗੋਲ਼ੀਬਾਰੀ ਦੀ ਆਵਾਜ਼ ਸੁਣ ਕੇ ਪੁਲਿਸ ਤੁਰੰਤ ਹਰਕਤ ਵਿਚ ਆਈ ਅਤੇ ਹਮਲਾਵਰ ਨੂੰ ਫੜ ਲਿਆ ਗਿਆ। ਪੁਲਿਸ ਘਟਨਾ ਪਿੱਛੇ ਕਾਰਨ ਜਾਣਨ ਦੀ ਕੋਸ਼ਿਸ਼ ਵਿਚ ਲੱਗੀ ਹੈ। ਹਮਲਾਵਰ ਵਿਦਿਆਰਥੀ ਮੂਲ ਰੂਪ ਤੋਂ ਟੈਕਸਾਸ ਦੇ ਅਰਲਿੰਗਟਨ ਦਾ ਰਹਿਣ ਵਾਲਾ ਹੈ। ਦੋ ਸਾਲ ਪਹਿਲੇ ਮਾਂ ਦੀ ਮੌਤ ਪਿੱਛੋਂ ਉਸ ਨੇ ਘਰ ਛੱਡ ਦਿੱਤਾ ਸੀ।