ਨਿਊਜ਼ ਡੈਸਕ (ਜਸਕਮਲ) : ਯੂਕਰੇਨ ਨੇ ਰੂਸ ਦੇ ਵਧਦੇ ਦਬਾਅ ਦੇ ਵਿਚਕਾਰ ਬੁੱਧਵਾਰ ਨੂੰ ਝੰਡਾ ਲਹਿਰਾ ਕੇ ਰਾਸ਼ਟਰੀ ਏਕਤਾ ਦਾ ਪ੍ਰਦਰਸ਼ਨ ਕੀਤਾ, ਜਦਕਿ ਅਮਰੀਕਾ ਨੇ ਕਿਹਾ ਕਿ ਰੂਸ ਨੇ ਯੂਕਰੇਨ ਦੀ ਸੀਮਾ ਤੋਂ ਬਲਾਂ ਦੀ ਵਾਪਸੀ ਦੀ ਆਪਣੇ ਐਲਾਨ ਦੇ ਉਲਟ ਖੇਤਰ 'ਚ ਘੱਟ ਤੋਂ ਘੱਟ 7,000 ਹੋਰ ਫੌਜੀਆਂ ਨੂੰ ਤਾਇਨਾਤ ਕੀਤਾ ਹੈ। ਯੂਕਰੇਨ 'ਤੇ ਰੂਸ ਦੇ ਹਮਲੇ ਦਾ ਖਦਸ਼ਾ ਅਜੇ ਤੱਕ ਨਹੀਂ ਬਦਲਿਆ । ਪੱਛਮੀ ਦੇਸ਼ਾਂ ਦੇ ਅਨੁਮਾਨ ਅਨੁਸਾਰ ਰੂਸ ਨੇ ਯੂਕਰੇਨ ਦੇ ਪੂਰਬ, ਉੱਤਰ ਤੇ ਦੱਖਣ 'ਚ 1,50,000 ਤੋਂ ਵੱਧ ਬਲਾਂ ਨੂੰ ਤਾਇਨਾਤ ਕੀਤਾ ਹੋਇਆ ਹੈ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੰਕੇਤ ਦਿੱਤਾ ਹੈ ਕਿ ਉਹ ਸੰਕਟ ਦਾ ਸ਼ਾਂਤੀਪੂਰਨ ਹੱਲ ਚਾਹੁੰਦਾ ਹੈ ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵਾਅਦਾ ਕੀਤਾ ਹੈ ਕਿ ਅਮਰੀਕਾ ਵੀ ਰਾਜਨੀਤਕ ਹੱਲ ਦਾ 'ਹਰ ਮੌਕਾ' ਦੇਵਗਾ ਪਰ ਹੋਰ ਸੁਰੱਖਿਆ ਬਲਾਂ ਦੀ ਤਾਇਨਾਤੀ ਦੀ ਖ਼ਬਰ ਨਾਲ ਮਾਸਕੋ ਦੇ ਇਰਾਦੇ 'ਤੇ ਸ਼ੱਕ ਪੈਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਰੂਸ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਸੈਨਿਕਾਂ ਤੇ ਹਥਿਆਰ ਬੰਦ ਫ਼ੌਜਾਂ ਨੂੰ ਵਾਪਸ ਬੁਲਾ ਰਿਹਾ ਹੈ। ਰੂਸ ਦੇ ਰੱਖਿਆ ਮੰਤਰੀ ਨੇ ਬੁੱਧਵਾਰ ਨੂੰ ਇਕ ਵੀਡੀਓ ਜਾਰੀ ਕੀਤੀ ਸੀ, ਜਿਸ 'ਚ ਇਹ ਇਕ ਦੇਖਿਆ ਜਾ ਸਕਦਾ ਹੈ ਕਿ ਬਖਤਰਬੰਦ ਵਾਹਨਾਂ ਤੋਂ ਲਦੀ ਹੋਈ ਇਕ ਮਾਲਗੱਡੀ ਕ੍ਰੀਮੀਆ, ਕਾਲਾ ਸਾਗਰ ਪ੍ਰਾਇਦੀਪ ਤੋਂ ਦੂਰ ਇਕ ਪੁਲ ਪਾਰ ਕਰ ਰਹੀ ਹੈ।