ਵਾਸ਼ਿੰਗਟਨ (ਦੇਵ ਇੰਦਰਜੀਤ) : ਯੂ.ਐੱਸ.ਸੀ.ਆਈ.ਐੱਸ. ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਆਪਣੀਆਂ ਨੀਤੀਆਂ ਵਿੱਚ ਸੁਧਾਰ ਕਰ ਰਿਹਾ ਹੈ, ਤਾਂ ਕਿ ਅਰਜ਼ੀਆਂ ਦੀ ਪ੍ਰਕਿਰਿਆ ਪੂਰੀ ਕਰਣ ਵਿੱਚ ਤੇਜ਼ੀ ਆਵੇ। ਦਿਸ਼ਾ-ਨਿਰਦੇਸ਼ਾਂ ਨੂੰ ਬਦਲਿਆ ਜਾ ਰਿਹਾ ਹੈ ਤਾਂ ਕਿ ਅਰਜ਼ੀ ਖਾਰਿਜ ਕਰਣ ਤੋਂ ਪਹਿਲਾਂ ਨੋਟਿਸ ਜਾਰੀ ਕੀਤਾ ਜਾ ਸਕੇ ਅਤੇ ਕੁੱਝ ਨੌਕਰੀਆਂ ਵਿੱਚ ਵੈਧਤਾ ਮਿਆਦ ਨੂੰ ਵਧਾਇਆ ਜਾ ਸਕੇ। ਟਰੰਪ ਪ੍ਰਸ਼ਾਸਨ ਨੇ 2018 ਵਿੱਚ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਜ਼ਿਆਦਾ ਸ਼ਕਤੀਆਂ ਦੇ ਕੇ ਐੱਚ1ਬੀ ਵੀਜ਼ਾ ਨੂੰ ਬਿਨਾਂ ਰੁਕਾਵਟ ਖਾਰਜ ਕਰਣ ਦਾ ਅਧਿਕਾਰ ਦੇ ਦਿੱਤਾ ਸੀ। ਦਰਅਸਲ ਐੱਚ1ਬੀ ਵੀਜ਼ਾ ਭਾਰਤ ਦੀ ਆਈ.ਟੀ. ਕੰਪਨੀਆਂ ਅਤੇ ਪੇਸ਼ੇਵਰਾਂ ਵਿੱਚ ਕਾਫ਼ੀ ਮਸ਼ਹੂਰ ਹੈ। ਐੱਚ1ਬੀ ਇੱਕ ਗੈਰ-ਇਮੀਗ੍ਰੇਸ਼ਨ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਪੇਸ਼ੇਵਰਾਂ ਨੂੰ ਆਪਣੇ ਇੱਥੇ ਨੌਕਰੀ ਦੇਣ ਦੀ ਇਜਾਜ਼ਤ ਦਿੰਦਾ ਹੈ।
ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ) ਨੇ 2018 ਦੇ ਟਰੰਪ ਕਾਲ ਦੀ ਨੀਤੀ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਦਰਅਸਲ ਟਰੰਪ ਦੀ ਨੀਤੀ ਮੁਤਾਬਕ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਬਿਨਾਂ ਨੋਟਿਸ ਦਿੱਤੇ ਐੱਚ1ਬੀ ਵੀਜ਼ਾ ਅਰਜ਼ੀ ਨੂੰ ਰੱਦ ਕਰਣ ਦੀ ਮਨਜ਼ੂਰੀ ਸੀ। ਇਸ ਫੈਸਲੇ ਨਾਲ ਕਾਨੂੰਨੀ ਇਮੀਗ੍ਰੇਸ਼ਨ ਦੀ ਰੁਕਾਵਟ ਦੂਰ ਹੋਵੇਗੀ ਅਤੇ ਭਾਰਤੀ ਪੇਸ਼ੇਵਰਾਂ ਨੂੰ ਲਾਭ ਹੋਵੇਗਾ।