ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਤੇ ਰੱਖਿਆ ਸਕੱਤਰ ਲੋਇਡ ਆਸਟਿਨ ਦੇ ਦੌਰੇ ਤੋਂ ਬਾਅਦ ਅਮਰੀਕਾ ਨੇ ਯੂਕ੍ਰੇਨ ਲਈ ਨਵੀਂ ਫ਼ੌਜੀ ਸਹਾਇਤਾ ਅਤੇ ਕੂਟਨੀਤਕ ਸਮਰਥਨ ਦਾ ਐਲਾਨ ਕੀਤਾ ਹੈ। ਬਲਿੰਕਨ ਅਤੇ ਆਸਟਿਨ ਕੀਵ ਦੀ ਯਾਤਰਾ 'ਤੇ ਗਏ ਸਨ, ਜਿਸ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਦੋਵਾਂ ਨੇਤਾਵਾਂ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਦੱਸਿਆ ਕਿ ਅਮਰੀਕਾ 30 ਕਰੋੜ ਡਾਲਰ ਤੋਂ ਵੱਧ ਵਿਦੇਸ਼ੀ ਫ਼ੌਜੀ ਫੰਡਿੰਗ ਪ੍ਰਦਾਨ ਕਰੇਗਾ ਅਤੇ 16.5 ਕਰੋੜ ਡਾਲਰ ਦੇ ਗੋਲਾ-ਬਾਰੂਦ ਦੀ ਵਿਕਰੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਜਲਦੀ ਹੀ ਯੂਕ੍ਰੇਨ ਦੇ ਰਾਜਦੂਤ ਲਈ ਆਪਣੇ ਉਮੀਦਵਾਰ ਦਾ ਐਲਾਨ ਕਰਨਗੇ ਤੇ ਯੁੱਧ ਤੋਂ ਪਹਿਲਾਂ ਯੂਕ੍ਰੇਨ ਛੱਡਣ ਵਾਲੇ ਅਮਰੀਕੀ ਡਿਪਲੋਮੈਟ ਆਉਣ ਵਾਲੇ ਹਫ਼ਤੇ ਵਿੱਚ ਦੇਸ਼ ਪਰਤਣਾ ਸ਼ੁਰੂ ਕਰ ਦੇਣਗੇ। ਕੀਵ ਵਿੱਚ ਅਮਰੀਕੀ ਦੂਤਘਰ ਫਿਲਹਾਲ ਬੰਦ ਰਹੇਗਾ।
ਮੀਟਿੰਗ ਤੋਂ ਪਹਿਲਾਂ ਜ਼ੇਲੇਂਸਕੀ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਅਮਰੀਕਾ ਹਥਿਆਰ ਤੇ ਸੁਰੱਖਿਆ ਦੋਵਾਂ ਦੀ ਗਾਰੰਟੀ ਦੇਵੇਗਾ। ਉਹਨਾਂ ਨੇ ਕਿਹਾ ਕਿ ਤੁਸੀਂਸਾਡੇ ਕੋਲ ਖਾਲੀ ਹੱਥ ਨਹੀਂ ਆ ਸਕਦੇ ਤੇ ਅਸੀਂ ਕਿਸੇ ਮਾਮੂਲੀ ਤੋਹਫ਼ੇ ਦੀ ਉਮੀਦ ਨਹੀਂ ਕਰ ਰਹੇ ਹਾਂ, ਸਾਨੂੰ ਕੁਝ ਚੀਜ਼ਾਂ ਅਤੇ ਕੁਝ ਹਥਿਆਰਾਂ ਦੀ ਜ਼ਰੂਰਤ ਹੈ।