ਸੰਯੁਕਤ ਰਾਸ਼ਟਰ,(ਦੇਵ ਇੰਦਰਜੀਤ) : ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਰਸ ਨੇ ਕਿਹਾ ਕਿ ਇਹ ਬਹੁਤ ਹੀ ਜ਼ਰੂਰੀ ਹੈ ਕਿ ਭਾਰਤ ਤੇ ਪਾਕਿਸਤਾਨ ਇਕੱਠੇ ਹੋਣ ਤੇ ਆਪਣੀਆਂ ਸਮੱਸਿਆਵਾਂ 'ਤੇ ਗੰਭੀਰਤਾ ਨਾਲ ਗੱਲ ਕਰਨ। ਗੁਤਰਸ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਕਿਸੇ ਤਰ੍ਹਾਂ ਦਾ ਫ਼ੌਜੀ ਟਕਰਾਅ ਉਨ੍ਹਾਂ ਲਈ ਤੇ ਪੂਰੀ ਦੁਨੀਆ ਲਈ ਵਿਨਾਸ਼ਕਾਰੀ ਹੋਵੇਗਾ। ਯੂਐਨ ਮੁਖੀ ਨੇ ਕਿਹਾ, 'ਮੇਰਾ ਮੰਨਣਾ ਹੈ ਕਿ ਕੰਟਰੋਲ ਰੇਖਾ 'ਤੇ ਤਣਾਅ ਘੱਟ ਹੋਣਾ ਬਹੁਤ ਹੀ ਜ਼ਰੂਰਤ ਹੈ।
ਗੁਤਰਸ ਕਸ਼ਮੀਰ 'ਚ ਬਣੇ ਹਾਲਾਤ ਨੂੰ ਲੈ ਕੇ ਦੋਵੇਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਸਬੰਧੀ ਪਾਕਿਸਤਾਨ ਦੇ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਵੀਰਵਾਰ ਨੂੰ ਇਕ ਡਿਜੀਟਲ ਪੱਤਰਕਾਰ ਸੰਮੇਲਨ 'ਚ ਕਿਹਾ, 'ਸਾਨੂੰ ਇਕ ਸਮੁੱਚੇ ਬਹੁਪੱਖਵਾਦ ਦੀ ਜ਼ਰੂਰਤ ਹੈ ਜਿਥੇ ਨੌਜਵਾਨਾਂ ਦੀ ਆਵਾਜ਼ ਨੂੰ ਜ਼ਿਆਦਾ ਤਵੱਜੋ ਦਿੱਤੀ ਜਾ ਸਕੇ।
' ਗੁਤਰਸ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਦੋਵੇਂ ਦੇਸ਼ਾਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਸਮੱਸਿਆਵਾਂ 'ਤੇ ਗੰਭੀਰਤਾ ਨਾਲ ਚਰਚਾ ਕਰਨੀ ਚਾਹੀਦੀ। ਸਾਰੇ ਖੇਤਰਾਂ 'ਚ ਮਨੁੱਖੀ ਅਧਿਕਾਰਾਂ ਦਾ ਪੂਰਾ ਸਨਮਾਨ ਕੀਤਾ ਜਾਣਾ ਵੀ ਜ਼ਰੂਰੀ ਹੈ।' ਉਨ੍ਹਾਂ ਨੇ ਕਿਹਾ, ਚੀਜ਼ਾਂ ਸਹੀ ਦਿਸ਼ਾ 'ਚ ਨਹੀਂ ਵਧੀਆਂ ਹਨ। ਕਿਸੇ ਵੀ ਸਹਾਇਤਾ ਲਈ ਮੈਂ ਹਮੇਸ਼ਾ ਤਿਆਰ ਹਾਂ।
ਸਾਨੂੰ ਸਾਰਿਆਂ ਨੂੰ ਸਮੱਸਿਆਵਾਂ ਦਾ ਸ਼ਾਂਤਮਈ ਹੱਲ ਲੱਭਣਾ ਪਵੇਗਾ। ਜਦੋਂ ਅਸੀਂ ਭਾਰਤ ਤੇ ਪਾਕਿਸਤਾਨ ਨੂੰ ਦੇਖਣੇ ਹਾਂ ਤਾਂ ਦੋਵੇਂ ਦੇਸ਼ਾਂ ਵਿਚਾਲੇ ਕੋਈ ਵੀ ਫ਼ੌਜ ਟਕਰਾਅ ਨਾ ਸਿਰਫ ਇਨ੍ਹਾਂ ਦੇਸ਼ਾਂ ਲਈ ਬਲਕਿ ਪੂਰੀ ਦੁਨੀਆ ਲਈ ਵਿਨਾਸ਼ਕਾਰੀ ਹੋਵੇਗਾ।