ਨਿਊਜ਼ ਡੈਸਕ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਪਹੁੰਚ ਰਹੇ ਹਨ। ਉਹ ਚੰਡੀਗੜ੍ਹ 'ਚ ਕਰੀਬ 500 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਉਹ ਸੈਕਟਰ-17 'ਚ ਨਵੇਂ ਬਣੇ ਅਰਬਨ ਪਾਰਕ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਉਹ ਸੈਕਟਰ 17 ਵਿੱਚ 274 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦਾ ਉਦਘਾਟਨ ਕਰਨਗੇ।
ਅਮਿਤ ਸ਼ਾਹ ਸਵੇਰੇ ਕਰੀਬ 10.45 ਵਜੇ ਵਿਸ਼ੇਸ਼ ਜਹਾਜ਼ ਰਾਹੀਂ ਚੰਡੀਗੜ੍ਹ ਪੁੱਜਣਗੇ। 11.20 ਵਜੇ ਸੈਕਟਰ 9 ਸਥਿਤ ਹਾਊਸਿੰਗ ਬੋਰਡ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ। ਸਵੇਰੇ 11.35 ਵਜੇ ਸੈਕਟਰ 17 'ਚ ਇੰਟੇਗ੍ਰੇਟਿਡ ਪੁਲਿਸ ਕਮਾਂਡ ਕੰਟਰੋਲ ਸੈਂਟਰ ਦਾ ਉਦਘਾਟਨ ਕਰਨਗੇ। 12 ਵਜੇ ਸੈਕਟਰ 17 ਦੇ ਅਰਬਨ ਪਾਰਕ ਦਾ ਉਦਘਾਟਨ ਕਰਨਗੇ। ਉਥੋਂ 5 ਹੋਰ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਉਥੋਂ ਪੰਜਾਬ ਰਾਜ ਭਵਨ ਲਈ ਰਵਾਨਾ ਹੋਣਗੇ। ਸ਼ਾਮ 4.15 ਵਜੇ ਧਨਾਸ 'ਚ ਬਣੇ ਪੁਲਿਸ ਮੁਲਾਜ਼ਮਾਂ ਲਈ ਫਲੈਟਾਂ ਦਾ ਉਦਘਾਟਨ ਕਰਨਗੇ। ਅਮਿਤ ਸ਼ਾਹ ਦੇਰ ਸ਼ਾਮ ਸੈਕਟਰ 33 ਸਥਿਤ ਚੰਡੀਗੜ੍ਹ ਭਾਜਪਾ ਦਫਤਰ ਜਾ ਸਕਦੇ ਹਨ।